ਪੁਣੇ, 7 ਜੂਨ
ਜ਼ਿਲ੍ਹੇ ਦੇ ਸਨਅਤੀ ਖੇਤਰ ਵਿਚ ਅੱਜ ਬਾਅਦ ਦੁਪਹਿਰ ਕੈਮੀਕਲ ਫੈਕਟਰੀ ਨੂੰ ਅੱਗ ਲੱਗ ਗਈ, ਜਿਸ ਵਿੱਚ ਘੱਟੋ-ਘੱਟ 18 ਕਾਮਿਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ’ਚ ਬਹੁਗਿਣਤੀ ਔਰਤਾਂ ਦੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ਵਿੱਚ ਗਈਆਂ ਮੌਤਾਂ ’ਤੇ ਦੁੱਖ ਦਾ ਇਜ਼ਹਾਰ ਕਰਦਿਆਂ ਮਿ੍ਰਤਕਾਂ ਦੇ ਵਾਰਿਸਾਂ ਨੂੰ ਦੋ-ਦੋ ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਉਪ ਰਾਸ਼ਟਰਪਤੀ ਐੱਮ ਵੈਂਕੱਈਆ ਨਾਇਡੂ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਹਾਦਸੇ ਦੇ ਪੀੜਤਾਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ।
ਫੈਕਟਰੀ ਵਿੱਚ ਪਾਣੀ ਨੂੰ ਸਾਫ਼ ਕਰਨ ਲਈ ਕਲੋਰੀਨ ਡਾਈਆਕਸਾਈਡ ਦਾ ਉਤਪਾਦਨ ਹੁੰਦਾ ਹੈ। ਮੁੱਖ ਫਾਇਰ ਅਧਿਕਾਰੀ ਦੇਵੇਂਦਰ ਪੋਟਫੋੜੇ ਨੇ ਕਿਹਾ, ‘‘ਕੰਪਨੀ ਅਧਿਕਾਰੀਆਂ ਮੁਤਾਬਕ ਫੈਕਟਰੀ ਵਿੱਚ ਅੱਜ ਸ਼ਾਮੀਂ 4 ਵਜੇ ਦੇ ਕਰੀਬ ਅੱਗ ਲੱਗੀ ਸੀ ਤੇ ਇਸ ਦੌਰਾਨ ਕਈ ਕਾਮੇ ਲਾਪਤਾ ਸਨ। ਹੁਣ ਤੱਕ ਅੱਗ ਨਾਲ ਬੁਰੀ ਤਰ੍ਹਾਂ ਝੁਲਸੀਆਂ 18 ਲਾਸ਼ਾਂ ਬਰਾਮਦ ਹੋ ਗਈਆਂ ਹਨ, ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਔਰਤਾਂ ਦੀ ਹੈ।’’ ਅਧਿਕਾਰੀ ਮੁਤਾਬਕ ਫਾਇਰ ਬ੍ਰਿਗੇਡ ਦੀਆਂ 6 ਤੋਂ 7 ਗੱਡੀਆਂ ਨੇ ਅੱਗ ’ਤੇ ਕਾਬੂ ਪਾਇਆ। ਪੋਟਫੋੜੇ ਨੇ ਕਿਹਾ ਕਿ ਅੱਗ ਪੈਕੇਜਿੰਗ ਸੈਕਸ਼ਨ ਵਿੱਚ ਸਪਾਰਕਿੰਗ ਕਰਕੇ ਲੱਗੀ ਤੇ ਅੱਗ ਨੇ ਛੇਤੀ ਹੀ ਨੇੜੇ ਪਈ ਪਲਾਸਟਿਕ ਨੂੰ ਫੜ ਲਿਆ। -ਪੀਟੀਆਈ