ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਜੂਨ
ਪੰਜਾਬ ਵਿੱਚ ਕਰੋਨਾਵਾਇਰਸ ਕਾਰਨ 24 ਘੰਟਿਆਂ ਵਿੱਚ 82 ਅਤੇ ਹਰਿਆਣਾ ’ਚ 39 ਜਣਿਆਂ ਦੀ ਮੌਤ ਹੋਈ ਹੈ। ਇਸ ਨਾਲ ਪੰਜਾਬ ਵਿੱਚ ਕਰੋਨਾ ਕਰਕੇ ਮ੍ਰਿਤਕਾਂ ਦਾ ਅੰਕੜਾ 15,160 ਅਤੇ ਹਰਿਆਣਾ ਵਿੱਚ 8,751 ਤੱਕ ਪਹੁੰਚ ਗਿਆ ਹੈ। ਸਿਹਤ ਵਿਭਾਗ ਅਨੁਸਾਰ ਉਕਤ ਸਮੇਂ ਦੌਰਾਨ ਪੰਜਾਬ ਵਿੱਚ 1,293 ਪਾਜ਼ੇਟਿਵ ਕੇਸ ਪਾਏ ਗਏ ਹਨ ਜਦਕਿ 3,350 ਨੂੰ ਠੀਕ ਹੋਣ ਮਗਰੋਂ ਛੁੱਟੀ ਦੇ ਦਿੱਤੀ ਗਈ ਹੈ। ਇਸ ਸਮੇਂ ਸੂਬੇ ਵਿੱਚ 19,995 ਸਰਗਰਮ ਕੇਸ ਹਨ, ਜਿਨ੍ਹਾਂ ਵਿੱਚੋਂ 3198 ਦਾ ਆਕਸੀਜਨ ਰਾਹੀਂ, 723 ਦਾ ਐਲ-3 ਆਕਸੀਜਨ ਬੈੱਡ ਰਾਹੀਂ ਇਲਾਜ ਕੀਤਾ ਜਾ ਰਿਹਾ ਹੈ। ਜਦਕਿ 250 ਗੰਭੀਰ ਮਰੀਜ਼ਾਂ ਦਾ ਵੈਂਟੀਲੇਟਰ ਰਾਹੀਂ ਇਲਾਜ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਅਨੁਸਾਰ 24 ਘੰਟਿਆਂ ’ਚ ਬਠਿੰਡਾ ’ਚ 9, ਪਟਿਆਲਾ, ਅੰਮ੍ਰਿਤਸਰ ’ਚ 8-8, ਲੁਧਿਆਣਾ, ਸੰਗਰੂਰ ’ਚ 6-6, ਫਾਜ਼ਿਲਕਾ, ਮੁਹਾਲੀ ’ਚ 5-5, ਜਲੰਧਰ, ਮੁਕਤਸਰ, ਕਪੂਰਥਲਾ, ਪਠਾਨਕੋਟ ’ਚ 4-4, ਫਰੀਦਕੋਟ, ਰੋਪੜ ’ਚ 3-3, ਬਰਨਾਲਾ, ਗੁਰਦਾਸਪੁਰ, ਹੁਸ਼ਿਆਰਪੁਰ, ਮਾਨਸਾ, ਮੋਗਾ ’ਚ 2-2, ਫਿਰੋਜ਼ਪੁਰ, ਫਤਹਿਗੜ੍ਹ ਸਾਹਿਬ, ਤਰਨ ਤਾਰਨ ’ਚ ਇਕ-ਇਕ ਮੌਤ ਹੋਈ ਹੈ। ਦੂਜੇ ਪਾਸੇ ਹਰਿਆਣਾ ਵਿੱਚ ਅੱਜ 640 ਨਵੇਂ ਕੇਸ ਸਾਹਮਣੇ ਆਏ ਹਨ ਜਦਕਿ 1,674 ਨੂੰ ਠੀਕ ਹੋਣ ਮਗਰੋਂ ਛੁੱਟੀ ਦਿੱਤੀ ਗਈ ਹੈ ਇਸ ਸਮੇਂ ਸੂਬੇ ’ਚ 8,024 ਸਰਗਰਮ ਕੇਸ ਹਨ।