ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 7 ਜੂਨ
ਪਿੰਡ ਲਾਲਪੁਰ ਵਿਚ ਪੰਜ ਨੌਜਵਾਨਾਂ ਵੱਲੋਂ ਰੰਜਿਸ਼ ਦੇ ਚਲਦੇ ਇਕ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਜਗਦੀਪ ਸਿੰਘ (32) ਦੇ ਪਿਤਾ ਸਤਨਾਮ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ 6 ਜੂਨ ਦੀ ਰਾਤ ਉਸ ਦਾ ਪੁੱਤਰ ਆਪਣੇ ਚਾਚੇ ਦੇ ਲੜਕੇ ਹਰਜੋਤ ਸਿੰਘ ਨਾਲ ਪਿੰਡ ਦੇ ਜਿਮ ਗਿਆ ਸੀ। ਉਥੇ ਉਸ ਦਾ ਸ਼ੁਭਕਰਨਜੀਤ ਸਿੰਘ, ਗੁਰਪ੍ਰਤਾਪ ਸਿੰਘ, ਦਿਲਬਾਗ ਸਿੰਘ, ਖੰਡੀ ਅਤੇ ਲਵ ਨਾਲ ਤਕਰਾਰ ਹੋ ਗਿਆ। ਇਸ ਦੌਰਾਨ ਸ਼ੁਭਕਰਨਜੀਤ ਸਿੰਘ ਨੇ ਜਗਦੀਪ ਸਿੰਘ ਦੇ ਸਿਰ ਵਿਚ ਲੋਹੇ ਦੀ ਰਾਡ ਮਾਰੀ ਅਤੇ ਖੰਡੀ ਨੇ ਜਗਦੀਪ ਦੀ ਛਾਤੀ ਵਿੱਚ ਚਾਕੂ ਮਾਰ ਦਿੱਤਾ। ਜਗਦੀਪ ਸਿੰਘ ਜਦੋਂ ਜ਼ਮੀਨ ’ਤੇ ਡਿੱਗ ਗਿਆ ਤਾਂ ਖੰਡੀ ਨੇ ਉਸ ਦੀ ਪਿੱਠ ਵਿੱਚ ਦੋ ਵਾਰ ਚਾਕੂ ਨਾਲ ਹੋਰ ਕੀਤੇ। ਵਾਰਦਾਤ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ।
ਸਤਨਾਮ ਸਿੰਘ ਨੇ ਦੱਸਿਆ ਕਿ 5 ਜੂਨ ਨੂੰ ਉਸ ਦਾ ਭਤੀਜਾ ਹਰਜੋਤ, ਖੰਡੀ ਤੋਂ ਟਰੈਕਟਰ ਚਲਾਉਣਾ ਸਿੱਖ ਰਿਹਾ ਸੀ। ਇਸ ਦੌਰਾਨ ਟਰੈਕਟਰ ਬਿਜਲੀ ਵਾਲੇ ਖੰਭੇ ਨਾਲ ਟਕਰਾਅ ਗਿਆ ਤੇ ਖੰਭਾ ਟੁੱਟ ਗਿਆ। ਇਸ ਸਬੰਧੀ ਬਿਜਲੀ ਵਿਭਾਗ ਨੂੰ ਹਰਜਾਨੇ ਦੇ ਪੈਸੇ ਦੇਣ ਤੋਂ ਖੰਡੀ ਅਤੇ ਹਰਜੋਤ ਵਿੱਚ ਝਗੜਾ ਸੀ। ਜਗਦੀਪ ਅਤੇ ਹਰਜੋਤ ਘਟਨਾ ਵਾਲੀ ਰਾਤ ਜਿਮ ਵਿੱਚ ਇਸੇ ਸਬੰਧੀ ਗੱਲਬਾਤ ਕਰਨ ਲਈ ਗਏ ਸਨ।
ਥਾਣਾ ਮੁਖੀ ਜਸਵੰਤ ਸਿੰਘ ਨੇ ਕਿਹਾ ਕਿ ਸਤਨਾਮ ਸਿੰਘ ਦੇ ਬਿਆਨ ਦੇ ਆਧਾਰ ’ਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਮ੍ਰਿਤਕ ਦਾ ਪੋਸਟਮਾਰਟਮ ਕਰਾਉਣ ਲਈ ਸਿਵਲ ਹਸਪਤਾਲ ਤਰਨ ਤਾਰਨ ਭੇਜ ਦਿੱਤਾ ਗਿਆ ਹੈ। ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਜਗਦੀਪ ਦਾ ਅਜੇ ਕੁੱਝ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ।