ਮੁੰਬਈ: ਬੌਲੀਵੁੱਡ ਅਦਾਕਾਰ ਰਣਦੀਪ ਹੁੱਡਾ ਦੀ ਘੋੜੀ ‘ਡਰੀਮ ਗਰਲ’ ਨੇ ਇੱਕ ਵਛੇਰੇ ਨੂੰ ਜਨਮ ਦਿੱਤਾ ਹੈ, ਜਿਸ ਦਾ ਨਾਮ ਉਸ ਨੇ ‘ਹੋਪ’ ਰੱਖਿਆ ਹੈ। ਇਹ ਨਾਮ ਚੁਣਨ ਬਾਰੇ ਅਦਾਕਾਰ ਨੇ ਕਿਹਾ ਕਿ ਉਸ ਦੀ ਮਾਤਾ ਦਾ ਨਾਂ ਆਸ਼ਾ ਹੈ, ਜਿਸ ਦਾ ਅੰਗਰੇਜ਼ੀ ’ਚ ਅਰਥ ਹੈ ‘ਹੋਪ’। ਰਣਦੀਪ ਨੇ ਕਿਹਾ, ‘ਇੱਕ ਨੰਨ੍ਹੇ ਜਿਹੇ ਬੱਚੇ ਦੇ ਆਉਣ ਨਾਲ ਮੈਂ ਬਹੁਤ ਰੁਮਾਂਚਿਤ ਹਾਂ ਕਿਉਂਕਿ ਡਰੀਮ ਗਰਲ ਇਸ ਸਮੇਂ ਬੰਗਲੌਰ ਵਿੱਚ ਹੈ ਅਤੇ ਮੈਂ ਉੱਥੇ ਨਹੀਂ ਹੋ ਸਕਦਾ। ਮੈਂ ਉਸ ਨੂੰ ਵੇਖਣ ਲਈ ਅਤੇ ਗਲੇ ਲਗਾਉਣ ਲਈ ਹੋਰ ਉਡੀਕ ਨਹੀਂ ਕਰ ਸਕਦਾ। ਜਦੋਂ ਉਹ ਯਾਤਰਾ ਲਈ ਤਿਆਰ ਹੋ ਜਾਵੇਗਾ ਤਾਂ ਮੈਂ ਹੋਪ ਨੂੰ ਘਰ ਲਿਆਵਾਂਗਾ। ਮੇਰੀ ਮਾਤਾ ਦਾ ਨਾਂ ਆਸ਼ਾ ਹੈ ਅਤੇ ਇਸ ਦਾ ਅੰਗਰੇਜ਼ੀ ਵਿੱਚ ਅਰਥ ਹੋਪ ਹੈ, ਜੋ ਉਸ ਦਾ ਨਾਮ ਹੈ।’ ਹੁੱਡਾ ਨੇ ਆਪਣੇ ਘੋੜਿਆਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਹਨ। ਅਦਾਕਾਰ ਨੇ ਕੁੱਝ ਮਹੀਨੇ ਪਹਿਲਾਂ ਸੋਸ਼ਲ ਮੀਡਆ ’ਤੇ ਜਾਣਕਾਰੀ ਦਿੱਤੀ ਸੀ ਕਿ ਉਸ ਦੀ ਘੋੜੀ ਡਰੀਮ ਗਰਲ ਵੱਲੋਂ ਮਈ 2021 ’ਚ ਇੱਕ ਵਛੇਰੇ ਨੂੰ ਜਨਮ ਦਿੱਤੇ ਜਾਣ ਦੀ ਉਮੀਦ ਹੈ। ਰਣਦੀਪ ਹੁੱਡਾ ਹਾਲ ਹੀ ਵਿੱਚ ਸਲਮਾਨ ਖ਼ਾਨ ਦੀ ਫ਼ਿਲਮ ‘ਰਾਧੇ’ ਵਿੱਚ ਨਜ਼ਰ ਆਇਆ ਸੀ। ਹੁਣ ਉਹ ਆਪਣੀ ਅਗਲੀ ਫ਼ਿਲਮ ‘ਅਨਫੇਅਰ ਐੱਨ ਲਵਲੀ’ ਵਿੱਚ ਨਜ਼ਰ ਆਵੇਗਾ। -ਆਈਏਐੱਨਐੱਸ