ਜਤਿੰਦਰ ਬੈਂਸ
ਗੁਰਦਾਸਪੁਰ, 8 ਜੂਨ
ਜ਼ਮੀਨੀ ਵਿਵਾਦ ਨੂੰ ਲੈ ਕੇ ਕਿਸਾਨ ਸੰਘਰਸ਼ ਕਮੇਟੀ ਵੱਲੋਂ ਜ਼ੋਨ ਪ੍ਰਧਾਨ ਰਣਬੀਰ ਸਿੰਘ ਡੁੱਗਰੀ ਦੀ ਅਗਵਾਈ ਹੇਠ ਥਾਣਾ ਸਦਰ ਮੂਹਰੇ ਧਰਨਾ ਲਾ ਕੇ ਕਾਰਵਾਈ ਦੀ ਮੰਗ ਕੀਤੀ ਗਈ। ਹਾਲਾਂਕਿ ਕਮੇਟੀ ਨੇ ਪੁਲੀਸ ਨਾਲ ਪਹਿਲੇ ਗੇੜ ਦੀ ਮੀਟਿੰਗ ਬੇਸਿੱਟਾ ਰਹਿਣ ਕਾਰਨ ਧਰਨਾ ਅਣਮਿੱਥੇ ਸਮੇਂ ਲਈ ਲਾਉਣ ਦਾ ਐਲਾਨ ਕੀਤਾ ਸੀ, ਲੇਕਿਨ ਬਾਅਦ ਵਿੱਚ ਪੁਲੀਸ ਵੱਲੋਂ ਵਿਵਾਦ ਸੁਲਝਾਉਣ ਸਬੰਧੀ ਮਿਲੇ ਭਰੋਸੇ ਮਗਰੋਂ ਧਰਨਾ ਚੁੱਕ ਲਿਆ ਗਿਆ। ਆਗੂ ਬਖਸ਼ੀਸ਼ ਸਿੰਘ ਸੁਲਤਾਨੀ ਨੇ ਕਿਹਾ ਕਿ ਇਲਾਕੇ ਅੰਦਰ ਪੈਂਦੇ ਪਿੰਡ ਪੀਰਾਂਬਾਗ ਵਿਖੇ ਕਿਸਾਨ ਵੱਸਣ ਸਿੰਘ ਦੀ ਜ਼ਮੀਨ ਵਿਚਾਲੇ ਵੱਟ ਪਾਉਣ ਨੂੰ ਲੈ ਕੇ ਦੂਜੀ ਧਿਰ ਨਾਲ ਵਿਵਾਦ ਚੱਲ ਰਿਹਾ ਹੈ। ਮਾਮਲਾ ਪੁਲੀਸ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਕਾਰਵਾਈ ਨਾ ਹੋਣ ਕਾਰਨ ਅੱਜ ਧਰਨਾ ਲਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨਾਲ ਦੂਸਰੇ ਗੇੜ ਦੀ ਮੀਟਿੰਗ ਦੌਰਾਨ ਸਹਿਮਤੀ ਬਣੀ ਹੈ ਕਿ ਨਿਸ਼ਾਨਦੇੇਹੀ ਕਰਵਾ ਕੇ ਜ਼ਮੀਨ ਵਿੱਚ ਵੱਟ ਪਹਿਲੀ ਜਗ੍ਹਾ ਹੀ ਪਾਈ ਜਾਵੇਗੀ ਅਤੇ ਫੈਸਲਾ ਦੋਵਾਂ ਧਿਰਾਂ ਨੂੰ ਮਨਜ਼ੂਰ ਕਰਨਾ ਪਵੇਗਾ। ਪ੍ਰੈੱਸ ਸਕੱਤਰ ਸੁਖਦੇਵ ਸਿੰਘ ਅੱਲੜਪਿੰਡੀ ਨੇ ਦੱਸਿਆ ਕਿ ਪੁਲੀਸ ਦੇ ਭਰੋਸੇ ਮਗਰੋਂ ਧਰਨਾ ਸਮਾਪਤ ਕਰ ਦਿੱੱਤਾ ਗਿਆ ਹੈ। ਧਰਨੇ ਨੂੰ ਸੁਖਵਿੰਦਰ ਸਿੰਘ ਦਾਖਲਾ, ਸੋਹਣ ਸਿੰਘ ਕਾਲਾਨੰਗਲ, ਮਹਿੰਦਰ ਸਿੰਘ ਥੰਮਣ, ਰਾਮ ਮੂਰਤੀ, ਹਰਭਜਨ ਸਿੰਘ ਆਦਿ ਨੇ ਸੰਬੋਧਨ ਕੀਤਾ।