ਨਵੀਂ ਦਿੱਲੀ, 9 ਜੂਨ
ਕਾਂਗਰਸ ਨੇ ਕਿਹਾ ਹੈ ਕਿ ਕਿਸਾਨ ਅੰਦੋਲਨ ਖ਼ਤਮ ਕਰਾਉਣ ਦਾ ਇਕੋ ਹੱਲ ਹੈ ਕਿ ਸਰਕਾਰ ਤਿੰਨੋਂ ਵਿਵਾਦਤ ਖੇਤੀ ਕਾਨੂੰਨ ਵਾਪਸ ਲਵੇ। ਪਾਰਟੀ ਨੇ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਕਿਹਾ ਕਿ ਮੰਤਰੀ ਵੱਲੋਂ ਇਸ ਮੁੱਦੇ ’ਤੇ ਅਪਣਾਇਆ ਵਤੀਰਾ ‘ਹਉਮੈਵਾਦੀ’ ਹੈ। ਪਾਰਟੀ ਆਗੂਆਂ ਨੇ ਸਰਕਾਰ ਨੂੰ ਕਿਹਾ ਹੈ ਕਿ ਉਹ ਅੜੀ ਛੱਡ ਕੇ ਕਿਸਾਨਾਂ ਦੀਆਂ ਮੰਗਾਂ ਮੰਨੇ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਸਾਨਾਂ ਦੀ ਹਮਾਇਤ ਕਰਦਿਆਂ ਕਿਹਾ ਹੈ ਕਿ ਉਹ ਆਪਣੇ ਖੇਤਾਂ ਅਤੇ ਮੁਲਕ ਦੀ ਬਿਨਾਂ ਕਿਸੇ ਡਰ ਤੋਂ ਰਾਖੀ ਕਰਦਿਆਂ ‘ਸ਼ਹੀਦੀਆਂ’ ਪਾ ਰਹੇ ਹਨ। ਉਨ੍ਹਾਂ 500 ਤੋਂ ਜ਼ਿਆਦਾ ਕਿਸਾਨਾਂ ਦੀਆਂ ਅੰਦੋਲਨ ਦੌਰਾਨ ਮੌਤਾਂ ਬਾਰੇ ਹੈਸ਼ਟੈਗ ਦੀ ਵਰਤੋਂ ਕਰਦਿਆਂ ਕਿਹਾ,‘‘ਖੇਤ-ਦੇਸ਼ ਦੀ ਰੱਖਿਆ ’ਚ ਤਿਲ-ਤਿਲ ਮਰੇ ਨੇ ਕਿਸਾਨ, ਪਰ ਨਾ ਡਰੇ ਹਨ ਕਿਸਾਨ, ਅੱਜ ਵੀ ਖਰੇ ਨੇ ਕਿਸਾਨ।’’ ਕਾਂਗਰਸ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਕਿਸਾਨਾਂ ਨੂੰ ਭੀਖ ਨਹੀਂ ਇਨਸਾਫ਼ ਚਾਹੀਦਾ ਹੈ।-ਏਜੰਸੀ