ਕੇਪੀ ਸਿੰਘ
ਗੁਰਦਾਸਪੁਰ, 9 ਜੂਨ
ਇਥੋਂ ਦੇ ਸਰਕਾਰੀ ਕਾਲਜ ਦੇ ਗਰਾਊਂਡ ਵਿੱਚ ਨੌਜਵਾਨਾਂ ਦੇ ਦੋ ਧੜਿਆਂ ਵਿੱਚ ਲੜਾਈ ਦੌਰਾਨ ਚਾਰ ਨੌਜਵਾਨ ਜ਼ਖ਼ਮੀ ਹੋ ਗਏ। ਸਾਰਿਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜ਼ਖ਼ਮੀਆਂ ਵਿੱਚ ਜਗਦੀਪ ਸਿੰਘ, ਗੁਰਕੀਰਤ ਸਿੰਘ, ਕਰਨ ਦੀਪ ਸਿੰਘ ਅਤੇ ਮਨਿੰਦਰ ਸਿੰਘ ਸਾਰੇ ਵਾਸੀ ਪ੍ਰੇਮ ਨਗਰ, ਗੁਰਦਾਸਪੁਰ ਸ਼ਾਮਲ ਹਨ। ਹਸਪਤਾਲ ਵਿੱਚ ਦਾਖਲ ਨੌਜਵਾਨਾਂ ਨੇ ਦੱਸਿਆ ਕਿ ਉਹ ਰੋਜ਼ ਸਵੇਰੇ ਸਰਕਾਰੀ ਕਾਲਜ ਵਿੱਚ ਦੌੜ ਲਗਾਉਣ ਲਈ ਜਾਂਦੇ ਹਨ। ਕੁਝ ਦਿਨ ਪਹਿਲਾਂ ਇੱਕ ਆਦਮੀ, ਜੋ ਰਿਟਾਇਰਡ ਆਰਮੀ ਅਫ਼ਸਰ ਹੋਣ ਦਾ ਦਾਅਵਾ ਕਰਦਾ ਹੈ, ਨੇ ਨੌਜਵਾਨਾਂ ਨੂੰ ਕਿਹਾ ਕਿ ਸਾਰਿਆਂ ਨੂੰ ਉਸ ਦੇ ਕਹੇ ਅਨੁਸਾਰ ਚੱਲਣਾ ਪਏਗਾ ਅਤੇ ਹਰ ਨੌਜਵਾਨ ਨੂੰ ਦੋ ਸੌ ਰੁਪਏ ਪ੍ਰਤੀ ਮਹੀਨਾ ਦੇਣੇ ਪੈਣਗੇ। ਨੌਜਵਾਨਾਂ ਨੇ ਦੱਸਿਆ ਕਿ ਕੁਝ ਨੌਜਵਾਨ ਸਹਿਮਤ ਹੋਏ ਪਰ ਉਨ੍ਹਾਂ ਅਤੇ ਉਨ੍ਹਾਂ ਦੇ ਕੁਝ ਸਾਥੀਆਂ ਨੇ ਉਸ ਦੀ ਨਹੀਂ ਸੁਣੀ। ਉਹ ਰੋਜ਼ ਵਾਂਗ ਬੁੱਧਵਾਰ ਸਵੇਰੇ ਕਰੀਬ ਛੇ ਵਜੇ ਦੌੜ ਲਗਾਉਣ ਲਈ ਗਏ। ਇਸ ਦੌਰਾਨ ਉਸ ਆਦਮੀ ਨੇ ਆਪਣੇ ਕੁਝ ਸਾਥੀਆਂ ਸਮੇਤ ਉਨ੍ਹਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਜ਼ਖ਼ਮੀ ਕਰ ਦਿੱਤਾ। ਥਾਣੇ ਵਿੱਚ ਮੌਜੂਦ ਸੇਵਾਮੁਕਤ ਅਧਿਕਾਰੀ ਕਰਨ ਨੇ ਦੱਸਿਆ ਕਿ ਉਸ ਨੇ ਕੁਝ ਪੈਸੇ ਇਕੱਠੇ ਕਰ ਕੇ ਗਰਾਊਂਡ ਵਿੱਚ ਲੱਗੇ ਗੇਟਾਂ ਨੂੰ ਠੀਕ ਕਰਵਾਇਆ ਹੈ ਅਤੇ ਉਸ ਨੇ ਖ਼ੁਦ ਕੁਝ ਪੈਸੇ ਆਪਣੀ ਜੇਬ ਵਿੱਚੋਂ ਵੀ ਖ਼ਰਚ ਕੀਤੇ ਹਨ। ਇੱਥੇ ਆਉਣ ਵਾਲੇ ਨੌਜਵਾਨਾਂ ਨੂੰ ਕਿਹਾ ਗਿਆ ਹੈ ਕਿ ਉਹ ਮੋਟਰਸਾਈਕਲ ਨੂੰ ਗਰਾਊਂਡ ਅੰਦਰ ਨਾ ਲਿਆਉਣ ਕਿਉਂਕਿ ਮੋਟਰਸਾਈਕਲ ਅੰਦਰ ਲਿਆਉਂਦਿਆਂ ਗੇਟ ਟੁੱਟ ਜਾਂਦੇ ਹਨ ਪਰ ਕੁਝ ਨੌਜਵਾਨ ਨਹੀਂ ਸੁਣਦੇ ਅਤੇ ਇਸੇ ਮਾਮਲੇ ਨੂੰ ਲੈ ਕੇ ਅੱਜ ਗਰਾਊਂਡ ਵਿੱਚ ਕੁਝ ਨੌਜਵਾਨਾਂ ਦਰਮਿਆਨ ਝਗੜਾ ਹੋਇਆ ਅਤੇ ਬਚਾਅ ਕਰਦੇ ਹੋਏ ਉਸ ਦੇ ਆਪਣੇ ਕੱਪੜੇ ਵੀ ਪਾੜ ਦਿੱਤੇ ਗਏ। ਸਰਕਾਰੀ ਕਾਲਜ ਪ੍ਰਿੰਸੀਪਲ ਜੀਐੱਸ ਕਲਸੀ ਨੇ ਦੱਸਿਆ ਕਿ ਸਰਕਾਰੀ ਕਾਲਜ ਗਰਾਊਂਡ ਵਿੱਚ ਕਿਸੇ ਵੀ ਖਿਡਾਰੀ ਤੋਂ ਪੈਸੇ ਨਹੀਂ ਲਏ ਜਾ ਸਕਦੇ। ਜ਼ਮੀਨ ਦੀ ਦੇਖਭਾਲ ਕਰਨਾ ਵੀ ਸਾਡਾ ਫ਼ਰਜ਼ ਹੈ ਅਤੇ ਇਹ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਹੈ। ਜੇਕਰ ਕਿਸੇ ਨੂੰ ਕੋਈ ਸਮੱਸਿਆ ਹੈ, ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ। ਜੇਕਰ ਅਜਿਹਾ ਹੋਇਆ ਹੈ, ਤਾਂ ਉਹ ਇਸ ਦੀ ਜਾਂਚ ਕਰਵਾਉਣਗੇ ।
ਦੂਜੇ ਪਾਸੇ ਥਾਣਾ ਮੁਖੀ ਜਬਰਜੀਤ ਸਿੰਘ ਨੇ ਦੱਸਿਆ ਕਿ ਦੋਵਾਂ ਧੜਿਆਂ ਨੂੰ ਗੱਲਬਾਤ ਲਈ ਥਾਣੇ ਬੁਲਾਇਆ ਗਿਆ ਸੀ। ਦੋਵਾਂ ਧੜਿਆਂ ਦਾ ਆਪਸ ਵਿੱਚ ਰਾਜ਼ੀਨਾਮਾ ਕਰਵਾ ਦਿੱਤਾ ਗਿਆ ਹੈ।