ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 8 ਜੂਨ
ਢਾਡੀ ਸਭਾ ਨੇ ਆਪਣੀਆਂ ਮੰਗਾਂ ਸਬੰਧੀ ਅੱਜ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਅਜੈਬ ਸਿੰਘ ਅਭਿਆਸੀ ਦੇ ਘਰ ਬਾਹਰ ਬੈਠ ਕੇ ਗੁਰਬਾਣੀ ਦਾ ਪਾਠ ਕਰ ਕੇ ਰੋਸ ਪ੍ਰਗਟਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰੂ ਹਰਿਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਦੇ ਪ੍ਰਧਾਨ ਬਲਦੇਵ ਸਿੰਘ ਐੱਮਏ ਨੇ ਦੱਸਿਆ ਇਸ ਮੌਕੇ ਅਭਿਆਸੀ ਖ਼ੁਦ ਵੀ ਢਾਡੀਆਂ ਵਿੱਚ ਆ ਕੇ ਬੈਠ ਗਏ ਅਤੇ ਉਨ੍ਹਾਂ ਨੇ ਢਾਡੀਆਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਉਨ੍ਹਾਂ ਦੇ ਘਰ ਬਾਹਰ ਪੁਲੀਸ ਬਲ ਵੀ ਤਾਇਨਾਤ ਸੀ।
ਢਾਡੀ ਸਭਾ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਮੱਸਿਆ, ਸੰਗਰਾਂਦ ਅਤੇ ਗੁਰਪੁਰਬ ਸਮੇਂ ਦਿੱਤੀ ਜਾਂਦੀ ਮਾਇਕ ਭੇਟਾ ਦੀ ਪ੍ਰਥਾ ਮੁੜ ਸ਼ੁਰੂ ਕੀਤੀ ਜਾਵੇ, ਸ੍ਰੀ ਹਰਿਮੰਦਰ ਸਾਹਿਬ ਵਿਖੇ ਢਾਡੀ ਸਭਾ ਨੂੰ ਵਾਰਾਂ ਗਾਇਨ ਕਰਨ ਦਾ ਸਮਾਂ ਮੁੜ ਵਧਾਇਆ ਜਾਵੇ ਅਤੇ ਉਨ੍ਹਾਂ ਦੀਆਂ ਹੋਰ ਮੰਗਾਂ ਵੀ ਪੂਰੀਆਂ ਕੀਤੀਆਂ ਜਾਣ। ਉਹ ਢਾਡੀ ਵਿਵਾਦ ਬਾਰੇ ਤਿੰਨ ਮੈਂਬਰੀ ਕਮੇਟੀ ਵੱਲੋਂ ਬਣਾਏ ਨਿਯਮਾਂ ਦਾ ਵਿਰੋਧ ਕਰ ਰਹੇ ਹਨ। ਇਨ੍ਹਾਂ ਨਿਯਮਾਂ ਸਬੰਧੀ ਢਾਡੀਆਂ ਵਿਚਾਲੇ ਆਪਸ ਵਿੱਚ ਵੀ ਮੱਤਭੇਦ ਹਨ ਅਤੇ ਸਾਰੇ ਇੱਕਜੁਟ ਨਹੀਂ ਹਨ।
ਅਜੈਬ ਸਿੰਘ ਅਭਿਆਸੀ ਦੇ ਘਰ ਬਾਹਰ ਪਠ ਕਰਨ ਵਾਲਿਆਂ ’ਚ ਗੁਰਮੇਜ ਸਿੰਘ ਸੂਹਰਾ, ਗੁਰਪਰਤਾਪ ਸਿੰਘ ਪਦਮ, ਪੂਰਨ ਸਿੰਘ ਅਰਸ਼ੀ, ਲਖਵੀਰ ਸਿੰਘ ਕੋਮਲ, ਕੁਲਬੀਰ ਸਿੰਘ, ਗੁਰਸ਼ਰਨ ਸਿੰਘ ਝਬਾਲ, ਭੁਪਿੰਦਰ ਸਿੰਘ ਪਾਰਸ ਮਣੀ, ਰੂਪ ਸਿੰਘ ਨਾਗ, ਮਿੱਤਰਪਾਲ ਸਿੰਘ, ਹਰਦੀਪ ਸਿੰਘ, ਸਾਹਿਬ ਸਿੰਘ, ਗੁਲਜ਼ਾਰ ਸਿੰਘ ਖੇੜਾ, ਖੜਕ ਸਿੰਘ ਪਠਾਨਕੋਟ, ਬਲਵੰਤ ਸਿੰਘ ਆਜ਼ਾਦ, ਗੁਰਸੇਵਕ ਸਿੰਘ ਪ੍ਰੇਮੀ, ਅਮਰਜੀਤ ਗੁਰਦਾਸਪੁਰੀ, ਸੁਖਦੇਵ ਸਿੰਘ ਬਾਦਲ, ਬਲਦੇਵ ਸਿੰਘ ਵਡਾਲਾ, ਪਰਮਜੀਤ ਸਿੰਘ, ਮਨਮੋਹਨ ਸਿੰਘ ਤੇ ਕੁਲਦੀਪ ਸਿੰਘ ਸ਼ਾਮਲ ਸਨ।