ਮਨੋਜ ਸ਼ਰਮਾ
ਬਠਿੰਡਾ, 8 ਜੂਨ
ਪੰਜਾਬ ਯੂਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਪੰਜਾਬ ਦੇ ਸੱਦੇ ’ਤੇ ਇੱਥੋਂ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਚਿਲਡਰਨ ਪਾਰਕ ਬਠਿੰਡਾ ਤੋਂ ਮਿਨੀ ਸਕੱਤਰੇਤ ਤੱਕ ਰੋਸ ਰੈਲੀ ਕੀਤੀ ਅਤੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ।
ਸਾਂਝੇ ਫਰੰਟ ਦੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੇਅ ਕਮਿਸ਼ਨ ਦੀ ਰਿਪੋਰਟ ਛੇਤੀ ਜਾਰੀ ਕੀਤੀ ਜਾਵੇ, ਹਰ ਵਿਭਾਗ ਵਿੱਚ ਕੰਮ ਕਰਨ ਵਾਲੇ ਕੱਚੇ ਕਾਮੇ ਆਊਟਸੋਰਸ, ਡੇਲੀ ਵੇਜਿਜ਼, ਸੁਸਾਇਟੀਆਂ ਵਾਲਿਆਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਮਹਿਕਮਿਆਂ ਦਾ ਨਿੱਜੀਕਰਨ ਕਰਨਾ ਬੰਦ ਕੀਤਾ ਜਾਵੇ, ਮਹਿਕਮਿਆਂ ਵਿੱਚ ਖਾਲੀ ਪਈਆਂ ਪੋਸਟਾਂ ਨੂੰ ਤਰੁੰਤ ਰੈਗੂਲਰ ਤੌਰ ’ਤੇ ਭਰਿਆ ਜਾਵੇ, ਜਨਤਕ ਸੰਪਤੀ ਨੂੰ ਵੇਚਣਾ ਬੰਦ ਕੀਤਾ ਜਾਵੇ ਅਤੇ ਘਰ-ਘਰ ਰੁਜ਼ਗਾਰ ਦਾ ਵਾਅਦਾ ਪੂਰਾ ਕੀਤਾ ਜਾਵੇ।
ਸਾਂਝੇ ਫਰੰਟ ਦੇ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਅਜੇ ਵੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਵਿੱਚ ਆਰ-ਪਾਰ ਦੀ ਲੜਾਈ ਲੜੀ ਜਾਵੇਗੀ। ਇਸ ਮੌਕੇ ਮਹਾਮਾਰੀ ਦੌਰਾਨ ਵਿਛੜੇ ਮੁਲਾਜ਼ਮ ਆਗੂਆਂ ਸਾਥੀ ਸੱਜਣ ਸਿੰਘ, ਸੁਖਦੇਵ ਸਿੰਘ ਬੜੀ, ਕੁਲਵੰਤ ਸਿੰਘ ਕਿੰਗਰਾ ਅਤੇ ਗੁਰਦੀਪ ਸਿੰਘ ਬਰਾੜ ਦੇ ਵਿਛੋੜੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਮੁਜ਼ਾਹਰੇ ਵਿੱਚ ਦਰਸ਼ਨ ਸਿੰਘ ਮੌੜ ਪੈਨਸ਼ਨਰ ਐਸੋਸੀਏਸ਼ਨ, ਮਨਜੀਤ ਸਿੰਘ ਦਰਜਾ ਚਾਰ ਐਸੋਸੀਏਸ਼ਨ, ਮੱਖਣ ਸਿੰਘ ਖੰਗਣਵਾਲ, ਐਸ ਯਾਦਵ ਦਰਜਾ ਚਾਰ ਐਸੋਸੀਏਸ਼ਨ, ਸੰਜੀਵ ਕੁਮਾਰ, ਪ੍ਰੇਮ ਕੁਮਾਰ, ਨੈਬ ਸਿੰਘ ਥਰਮਲ, ਪ੍ਰਕਾਸ਼ ਸਿੰਘ, ਸਿਕੰਦਰ ਸਿੰਘ ਡੀਐਮਐਫ, ਕਿਸ਼ੋਰ ਚੰਦ ਪਸਸਫ (ਰਾਣਾ), ਰਵੀ ਕੁਮਾਰ, ਗਗਨਦੀਪ ਸਿੰਘ ਤਾਲਮੇਲ ਕਮੇਟੀ ਪੈਰਾਮੈਡੀਕਲ, ਰਣਜੀਤ ਸਿੰਘ ਪੈਨਸ਼ਨਰ ਐਸੋਸੀਏਸ਼ਨ ਆਦਿ ਆਗੂਆਂ ਨੇ ਹਿੱਸਾ ਲਿਆ।
ਫਰੀਦਕੋਟ (ਜਸਵੰਤ ਜੱਸ): ਪੰਜਾਬ ਸਰਕਾਰ ਵੱਲੋਂ ਵਾਰ-ਵਾਰ ਛੇਵੇਂ ਤਨਖ਼ਾਹ ਕਮਿਸ਼ਨ ਦੀ ਮਿਆਦ ਵਿੱਚ ਵਾਧਾ ਕਰਨ ਸਮੇਤ ਹੋਰ ਭੱਖਦੀਆਂ ਮੰਗਾਂ ਨਾ ਮੰਨਣ ਦੇ ਰੋਸ ਵਜੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਅੱਜ ਸਥਾਨਕ ਮਿਨੀ ਸਕੱਤਰੇਤ ਵਿਖੇ ਪੰਜਾਬ ਸਰਕਾਰ ਦੇ ਖਿਲਾਫ ਤਿੱਖੀ ਨਾਅਰੇਬਾਜ਼ੀ ਕਰਕੇ ਰੋਸ ਰੈਲੀ ਕੀਤੀ।
ਰੈਲੀ ਨੂੰ ਮਨਿਸਟਰੀਅਲ ਸਟਾਫ ਦੇ ਸੂਬਾਈ ਆਗੂ ਅਤੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਸੰਧੂ ਤੋਂ ਇਲਾਵਾ ਅਧਿਆਪਕ ਸੂਬਾਈ ਆਗੂ ਪ੍ਰੇਮ ਚਾਵਲਾ, ਪੈਨਸ਼ਨਰ ਆਗੂ ਇੰਦਰਜੀਤ ਸਿੰਘ ਖੀਵਾ, ਪੈਨਸ਼ਨਰ ਸੂਬਾਈ ਆਗੂ ਅਸ਼ੋਕ ਕੌਸ਼ਲ, ਪਸਸਫ ਦੇ ਸੂਬਾਈ ਆਗੂ ਜਤਿੰਦਰ ਕੁਮਾਰ, ਬਲਬੀਰ ਸਿੰਘ ਜ਼ਿਲ੍ਹਾ ਜਨਰਲ ਸਕੱਤਰ, ਸੁਖਵਿੰਦਰ ਸਿੰਘ ਸੁੱਖੀ ਜ਼ਿਲ੍ਹਾ ਪ੍ਰਧਾਨ ਡੀ.ਟੀ.ਐਫ, ਦੇਸ ਰਾਜ ਗੁੱਜਰ, ਸੋਮਨਾਥ ਅਰੋੜਾ, ਜਗਤਾਰ ਸਿੰਘ ਗਿੱਲ, ਹਰਪਾਲ ਸਿੰਘ ਮਚਾਕੀ, ਸਤੀਸ਼ ਕੁਮਾਰ, ਸੇਵਕ ਸਿੰਘ, ਅਮਰਜੀਤ ਸਿੰਘ ਪੰਨੂ, ਗਗਨਦੀਪ ਸਿੰਘ, ਇਕਬਾਲ ਸਿੰਘ ਮੰਘੇੜਾ, ਕੁਲਦੀਪ ਸਿੰਘ ਸਹਿਦੇਵ, ਜਸਵੀਰ ਸਿੰਘ ਮਾਨ, ਕੁਲਵਿੰਦਰ ਸਿੰਘ ਮੌੜ ਅਤੇ ਸੰਤ ਸਿੰਘ, ਕਸ਼ਿਸ਼ ਧਵਨ ਨੇ ਸੰਬੋਧਨ ਕੀਤਾ।