ਕਰਾਚੀ, 8 ਜੂਨ
ਪਾਕਿਸਤਾਨ ਦੇ ਸੂਬਾ ਸਿੰਧ ਵਿੱਚ ਸੋਮਵਾਰ ਨੂੰ ਦੋ ਯਾਤਰੀ ਰੇਲ ਗੱਡੀਆਂ ਦੀ ਹੋਈ ਟੱਕਰ ਵਿੱਚ ਮਰਨ ਵਾਲਿਆਂ ਦੀ ਗਿਣਤੀ ਘੱਟੋ-ਘੱਟ 65 ਹੋ ਗਈ ਹੈ, ਜਦੋਂਕਿ 100 ਤੋਂ ਵੱਧ ਜ਼ਖ਼ਮੀ ਹਨ। ਵਿਰੋਧੀ ਧਿਰਾਂ ਨੇ ਦੇਸ਼ ਦੇ ਸਭ ਤੋਂ ਭਿਆਨਕ ਰੇਲ ਹਾਦਸੇ ਦੀ ਤੁਰੰਤ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਇਹ ਟੱਕਰ ਜ਼ਿਲ੍ਹਾ ਘੋਤਕੀ ਵਿੱਚ ਧਾਰਕੀ ਨਾਂ ਦੀ ਥਾਂ ਨੇੜੇ ਹੋਈ, ਜਦੋਂ ਕਰਾਚੀ ਤੋਂ ਸਰਗੋਧਾ ਜਾ ਰਹੀ ‘ਮਿੱਲਤ ਐਕਸਪ੍ਰੈੱਸ’ ਲੀਹ ਤੋਂ ਲੱਥਣ ਮਗਰੋਂ ਦੂਜੀ ਪੱਟੜੀ ’ਤੇ ਪਹੁੰਚ ਗਈ ਅਤੇ ਸਾਹਮਣਿਓਂ ਰਾਵਲਪਿੰਡੀ ਤੋਂ ਕਰਾਚੀ ਆ ਰਹੀ ‘ਸਰ ਸਈਦ ਐਕਸਪ੍ਰੈੱਸ’ ਉਸ ਨਾਲ ਟਕਰਾ ਗਈ ਸੀ। ਜੀਓ ਨਿਊਜ਼ ਨੇ ਰੇਲਵੇ ਸੁਕੂਰ ਦੇ ਡਿਵੀਜ਼ਨਲ ਸੁਪਰਡੈਂਟ ਤਾਰਿਕ ਲਤੀਫ਼ ਦੇ ਹਵਾਲੇ ਨੇ ਦੱਸਿਆ ਕਿ ਬਚਾਅ ਅਪਰੇਸ਼ਨ ਮੁਕੰਮਲ ਹੋ ਗਿਆ ਹੈ ਅਤੇ ਨੁਕਸਾਨੇ ਗਏ 17 ਡੱਬਿਆਂ ਅਤੇ ਇੰਜਣ ਨੂੰ ਪੱਟੜੀਆਂ ਤੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ, ‘‘ਆਵਾਜਾਈ ਲਈ ਪੱਟੜੀਆਂ ਨੂੰ ਠੀਕ ਕਰ ਦਿੱਤਾ ਗਿਆ ਹੈ। ਸਾਨੂੰ ਰੇਲ ਸੇਵਾ ਮੁੜ ਸ਼ੁਰੂ ਕਰਨ ਦੇ ਆਦੇਸ਼ ਮਿਲ ਚੁੱਕੇ ਹਨ।’’ ਗੋਤਕੀ ਦੇ ਐੱਸਐੱਸਪੀ ਉਮਰ ਤੁਫੈਲ ਨੇ ਕਿਹਾ ਕਿ ਕਈ ਹੋਰ ਲਾਸ਼ਾਂ ਮਿਲਣ ਮਗਰੋਂ ਮੌਤਾਂ ਦੀ ਗਿਣਤੀ 65 ਹੋ ਗਈ ਹੈ। 100 ਤੋਂ ਵੱਧ ਲੋਕ ਜ਼ਖ਼ਮੀ ਹਨ, ਜਿਨ੍ਹਾਂ ਵਿੱਚੋਂ ਕੁੱਝ ਦੀ ਹਾਲਤ ਗੰਭੀਰ ਹੈ। ਉਧਰ ਰੇਲਵੇ ਮੰਤਰੀ ਆਜ਼ਮ ਸਵਾਤੀ ਨੇ ਕਿਹਾ ਕਿ ਜੇ ਅਸਤੀਫ਼ਾ ਦੇਣ ਨਾਲ ਲੋਕ ਜਿਉਂਦੇ ਹੁੰਦੇ ਹਨ ਤਾਂ ਉਹ ਇਸ ਦੇ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਸੁਕੂਰ ਡਿਵੀਜ਼ਨ ਦੀਆਂ ਰੇਲ ਪੱਟੜੀਆਂ ਦੀ ਹਾਲਤ ਖ਼ਸਤਾ ਹੈ। ਦੂਜੇ ਪਾਸੇ, ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਮੁਖੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਰੇਲ ਹਾਦਸੇ ਦੀ ਤੁਰੰਤ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। -ਪੀਟੀਆਈ