ਨਿੱਜੀ ਪੱਤਰ ਪ੍ਰੇਰਕ
ਫ਼ਿਰੋਜ਼ਪੁਰ, 8 ਜੂਨ
ਥਾਣਾ ਤਲਵੰਡੀ ਭਾਈ ਅਧੀਨ ਪੈਂਦੇ ਪਿੰਡ ਹਰਾਜ ਵਿਚ ਇੱਕ ਵਿਅਕਤੀ ਵੱਲੋਂ ਆਪਣੀ ਨਾਬਾਲਿਗ ਧੀ ਨਾਲ ਕਥਿਤ ਤੌਰ ’ਤੇ ਜਬਰ-ਜਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦੀ ਸ਼ਿਕਾਇਤ ਮੁਲਜ਼ਮ ਦੀ ਪਤਨੀ ਵੱਲੋਂ ਦਰਜ ਕਰਵਾਈ ਗਈ ਹੈ।
ਘਟਨਾ ਚਾਰ ਜੂਨ ਦੀ ਦੱਸੀ ਜਾਂਦੀ ਹੈ। ਇਸ ਪਿੰਡ ਦੀ ਔਰਤ ਨੇ ਪੁਲੀਸ ਨੂੰ ਦੱਸਿਆ ਕਿ ਘਟਨਾ ਵਾਲੇ ਦਿਨ, ਦੁਪਹਿਰ ਡੇਢ ਵਜੇ ਦੇ ਕਰੀਬ ਉਹ ਆਪਣੇ ਵੱਡੇ ਲੜਕੇ ਨਾਲ ਖੇਤਾਂ ਵਿਚੋਂ ਬਾਲਣ ਚੁਗਣ ਵਾਸਤੇ ਗਈ ਹੋਈ ਸੀ। ਉਸ ਸਮੇਂ ਉਸ ਦਾ ਪਤੀ, ਸੱਸ ਤੇ ਲੜਕੀ ਆਪੋ ਆਪਣੇ ਕਮਰਿਆਂ ਵਿੱਚ ਸੁੱਤੇ ਪਏ ਸਨ। ਸ਼ਾਮ ਚਾਰ ਵਜੇ ਜਦੋਂ ਉਹ ਵਾਪਸ ਘਰ ਪਹੁੰਚੀ ਤਾਂ ਉਸ ਦੀ ਲੜਕੀ ਰੋ ਰਹੀ ਸੀ। ਪੁੱਛਣ ’ਤੇ ਉਸ ਨੇ ਦੱਸਿਆ ਕਿ ਪਾਪਾ ਨੇ ਉਸ ਨੂੰ ਚਾਹ ਬਣਾਉਣ ਲਈ ਕਿਹਾ ਸੀ। ਜਦੋਂ ਉਹ ਚਾਹ ਲੈ ਕੇ ਕਮਰੇ ਵਿੱਚ ਗਈ ਤਾਂ ਉਸ ਨੇ ਕਮਰੇ ਦੀ ਕੁੰਡੀ ਲਾ ਕੇ ਉਸ ਨਾਲ ਗਲਤ ਕੰਮ ਕੀਤਾ। ਚੌਦਾਂ ਵਰ੍ਹਿਆਂ ਦੀ ਇਸ ਪੀੜਤਾ ਦਾ ਮੈਡੀਕਲ ਹੋਣਾ ਅਜੇ ਬਾਕੀ ਹੈ। ਵਾਰਦਾਤ ਤੋਂ ਬਾਅਦ ਮੁਲਜ਼ਮ ਪਿਤਾ ਫ਼ਰਾਰ ਦੱਸਿਆ ਜਾਂਦਾ ਹੈ। ਪੁਲੀਸ ਨੇ ਕੇਸ ਦਰਜ ਕਰਕੇ ਤਫ਼ਤੀਸ਼ ਆਰੰਭ ਦਿੱਤੀ ਹੈ।
ਨਾਬਾਲਿਗ ਲੜਕੀ ਨਾਲ ਸਮੂਹਿਕ ਜਬਰ-ਜਨਾਹ
ਫ਼ਿਰੋਜ਼ਪੁਰ: ਸਰਹੱਦੀ ਪਿੰਡ ਦੁਲਚੀ ਕੇ ਵਿੱਚ ਨਾਬਾਲਿਗ ਲੜਕੀ ਨਾਲ ਸਮੂਹਿਕ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਦਰ ਵਿੱਚ ਦੋ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਜਿਨ੍ਹਾਂ ਦੀ ਪਛਾਣ ਰਮਨ ਅਤੇ ਲਵਪ੍ਰੀਤ ਵਜੋਂ ਹੋਈ ਹੈ। ਪਿੰਡ ਦੇ ਸਰਕਾਰੀ ਸਕੂਲ ਦੀ ਦਸਵੀਂ ਜਮਾਤ ਵਿੱਚ ਪੜ੍ਹਦੀ ਪੀੜਤਾ ਨੇ ਦੱਸਿਆ ਕਿ ਲੰਘੀ 5 ਜੂਨ ਦੀ ਰਾਤ ਸਾਢੇ ਨੌਂ ਵਜੇ ਦੇ ਕਰੀਬ ਉਸਦੀਆਂ ਦੋ ਛੋਟੀਆਂ ਭੈਣਾਂ ਘਰ ਵਿੱਚ ਇਕੱਲੀਆਂ ਸੀ ਤੇ ਸੁੱਤੀਆਂ ਪਈਆਂ ਸਨ। ਇਸ ਦੌਰਾਨ ਮੁਲਜ਼ਮ ਰਮਨ ਘਰ ਦੀ ਕੰਧ ਟੱਪ ਕੇ ਉਨ੍ਹਾਂ ਦੇ ਘਰ ਅੰਦਰ ਦਾਖ਼ਲ ਹੋਇਆ ਤੇ ਉਸ ਨਾਲ ਜਬਰਦਸਤੀ ਕੀਤੀ। ਇਸ ਦੌਰਾਨ ਉਸ ਦਾ ਦੂਜਾ ਸਾਥੀ ਲਵਪ੍ਰੀਤ ਵੀ ਆ ਗਿਆ ਤੇ ਉਸਨੇ ਵੀ ਉਸ ਨਾਲ ਜਬਰਦਸਤੀ ਕੀਤੀ।