ਪਾਲ ਸਿੰਘ ਨੌਲੀ
ਜਲੰਧਰ, 8 ਜੂਨ
ਪ੍ਰਾਈਵੇਟ ਹਸਪਤਾਲਾਂ ਨੂੰ ਕਥਿਤ ਤੌਰ ’ਤੇ ਵੈਕਸੀਨ ਵੇਚਣ ਦੇ ਦੋਸ਼ਾਂ ਵਿੱਚ ਘਿਰੀ ਪੰਜਾਬ ਸਰਕਾਰ ਨੇ ਕੇਂਦਰ ਵੱਲੋਂ ਤੈਅ ਕੀਤੇ ਗਏ ਵੈਕਸੀਨ ਦੇ ਰੇਟ ਜ਼ਿਲ੍ਹਾ ਪ੍ਰਸ਼ਾਸਨ ਨੂੰ ਭੇਜ ਦਿੱਤੇ ਹਨ। ਹੁਣ ਪ੍ਰਾਈਵੇਟ ਹਸਪਤਾਲਾਂ ਵਿੱਚ ਕੋਵੀਸ਼ੀਲਡ ਦਾ ਟੀਕਾ 780 ਰੁਪਏ ਵਿਚ, ਕੋਵੈਕਸੀਨ ਦਾ ਟੀਕਾ 1440 ਰੁਪਏ ਵਿਚ ਅਤੇ ਸਪੂਤਨਿਕ-ਵੀ ਦਾ ਟੀਕਾ 1145 ਰੁਪਏ ਵਿੱਚ ਲੱਗੇਗਾ। ਕੇਂਦਰ ਵੱਲੋਂ ਤੈਅ ਕੀਤੇ ਗਏ ਇਨ੍ਹਾਂ ਰੇਟਾਂ ਬਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੇ ਨਿਗ੍ਹਾ ਰੱਖਣ ਲਈ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਹਨ। ਜ਼ਿਕਰਯੋਗ ਹੈ ਕਿ ਕੋਵੀਸ਼ੀਲਡ ਵੈਕਸੀਨ ਬਣਾਉਣ ਵਾਲੀ ਕੰਪਨੀ 600 ਰੁਪਏ ਵਿਚ ਟੀਕਾ ਬਣਾਉਂਦੀ ਹੈ ਤੇ ਇਸ ’ਤੇ 5 ਫੀਸਦੀ ਜੀਐੱਸਟੀ ਲੱਗਦਾ ਹੈ, ਜੋ ਕਿ 30 ਰੁਪਏ ਬਣਦਾ ਹੈ। 150 ਰੁਪਏ ਹਸਪਤਾਲਾਂ ਦਾ ਸਰਵਿਸ ਚਾਰਜ ਵੀ ਇਸ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਟੀਕੇ ਦੀ ਕੀਮਤ 780 ਰੁਪਏ ਬਣ ਜਾਂਦੀ ਹੈ। ਇਸੇ ਤਰ੍ਹਾਂ ਕੋਵੈਕਸੀਨ ਤੇ ਸਪੂਤਨਿਕ-ਵੀ ਟੀਕਾ ਬਣਾਉਣ ਵਾਲੀਆਂ ਕੰਪਨੀਆਂ ਨੇ ਵੀ ਰੇਟ ਤੈਅ ਕਰ ਦਿੱਤੇ ਹਨ।
ਕਰੋਨਾ ਵਾਰੀਅਰਜ਼ ਦਾ ਸਨਮਾਨ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਕਰੋਨਾ ਕਾਰਨ ਮੌਤ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਦਾ ਸਸਕਾਰ ਕਰਨ ਵਾਲੀ ਟੀਮ ਦਾ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਅੱਜ ਸਨਮਾਨਿਤ ਕਰਕੇ ਹੌਸਲਾ ਅਫਜ਼ਾਈ ਕੀਤੀ। ਟੀਮ ਦੇ ਮੈਂਬਰਾਂ ਨੂੰ 5-5 ਹਜ਼ਾਰ ਰੁਪਏ, ਯਾਦਗਾਰੀ ਚਿੰਨ੍ਹ, ਕੰਬਲ ਅਤੇ ਘਰੇਲੂ ਵਸਤਾਂ ਦੀ ਕਿੱਟ ਦਿੱਤੀ ਗਈ। ਸਨਮਾਨਿਤ ਕੀਤੇ ਗਏ ਵਿਅਕਤੀਆਂ ਵਿਚ ਤਰਜੀਤ ਸਿੰਘ, ਦਿਲਬਾਗ ਸਿੰਘ, ਬਲਜੀਤ ਸਿੰਘ, ਇਕਬਾਲ ਸਿੰਘ, ਮੰਗਲ ਸਿੰਘ, ਚਰਨਜੀਤ ਸਿੰਘ, ਭੁਪਿੰਦਰ ਸਿੰਘ (ਸਾਰੇ ਡਰਾਈਵਰ), ਕੁਲਦੀਪ ਸਿੰਘ ਤੇ ਅਰੁਣ (ਸੇਵਾਦਾਰ), ਲੱਕੀ, ਹਰਪ੍ਰੀਤ ਸਿੰਘ, ਸੰਦੀਪ ਸਿੰਘ, ਕ੍ਰਿਪਾਲ ਸਿੰਘ, ਸ਼ਿਵਾ, ਅੰਕਿਤ, ਸਾਹਿਲ ਸਿੰਘ, ਅਕਾਸ਼ਦੀਪ ਸਿੰਘ ਤੇ ਹਰਪਾਲ ਸਿੰਘ (ਸਫਾਈ ਸੇਵਕ) ਸ਼ਾਮਲ ਸਨ। ਡੀਸੀ ਨੇ ਕਿਹਾ ਕਿ ਕਰੋਨਾ ਦੇ ਦੌਰ ਵਿੱਚ ਸਭ ਤੋਂ ਔਖਾ ਕੰਮ ਲਾਸ਼ਾਂ ਦਾ ਸਸਕਾਰ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਟੀਮ ਐੱਸਡੀਐੱਮ ਵਿਕਾਸ ਹੀਰਾ ਦੀ ਅਗਵਾਈ ਹੇਠ ਕੰਮ ਕਰ ਰਹੀ ਹੈ ਤੇ ਹੁਣ ਤੱਕ 2000 ਤੋਂ ਵੱਧ ਲਾਸ਼ਾਂ ਦੀ ਸੰਭਾਲ ਕਰ ਚੁੱਕੀ ਹੈ ਤੇ ਕਈ ਲਾਸ਼ਾਂ ਦਾ ਸਸਕਾਰ ਵੀ ਕੀਤਾ ਗਿਆ ਹੈ। ਜਿੰਨਾਂ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਗਿਆ ਹੈ ਉਨ੍ਹਾਂ ਵਿਚ ਤਹਿਸੀਲ ਦਫਤਰ, ਕਾਰਪੋਰੇਸ਼ਨ ਅਤੇ ਸਿਹਤ ਵਿਭਾਗ ਦੇ ਕਰਮਚਾਰੀ ਸ਼ਾਮਲ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਹਿਮਾਸ਼ੂੰ ਅਗਰਵਾਲ, ਐੱਸਡੀਐੱਮ ਵਿਕਾਸ ਹੀਰਾ, ਜ਼ਿਲ੍ਹਾ ਸਮਾਜ ਭਲਾਈ ਅਫਸਰ ਅਸੀਸਇੰਦਰ ਸਿੰਘ, ਸਟੇਟ ਬੈਂਕ ਦੇ ਰਿਜਨਲ ਮੈਨੇਜਰ ਰਾਜੇਸ਼ ਗੁਪਤਾ, ਮੈਨੇਜਰ ਕਮਲ ਅਗਰਵਾਲ ਤੇ ਹੋਰ ਪਤਵੰਤੇ ਹਾਜ਼ਰ ਸਨ।
ਕਰੋਨਾ ਕਾਰਨ ਅੰਮ੍ਰਿਤਸਰ ਵਿੱਚ 6 ਮੌਤਾਂ; 102 ਨਵੇਂ ਕੇਸ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਕਰੋਨਾਵਾਇਰਸ ਕਾਰਨ ਅੱਜ ਇਥੇ ਛੇ ਵਿਅਕਤੀਆ ਦੀ ਮੌਤ ਹੋ ਗਈ ਹੈ ਅਤੇ 102 ਨਵੇਂ ਕੇਸ ਸਾਹਮਣੇ ਆਏ ਹਨ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਿਕ ਕਰੋਨਾ ਕਰਨ ਮਰਨ ਵਾਲੇ 6 ਮਰੀਜ਼ਾਂ ਵਿਚ 5 ਔਰਤਾਂ ਤੇ ਇਕ ਪੁਰਸ਼ ਸ਼ਾਮਲ ਹੈ। ਹੁਣ ਤੱ.ਕ ਜ਼ਿਲ੍ਹੇ ਵਿੱਚ ਕਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 1505 ਹੋ ਗਈ ਹੈ। ਮੌਜੂਦਾ ਸਮੇਂ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਕਰੋਨਾ ਦੇ 1917 ਐਕਟਿਵ ਕੇਸ ਹਨ ਤੇ ਇਨ੍ਹਾਂ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਅੱਜ 172 ਕਰੋਨਾ ਮਰੀਜ਼ ਸਿਹਤਯਾਬ ਵੀ ਹੋਏ ਹਨ।
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹੇ ਵਿੱਚ ਅੱਜ ਕਰੋਨਾ ਪੀੜਤ 7 ਜਣਿਆਂ ਦੀ ਮੌਤ ਹੋ ਗਈ ਹੈ ਜਦਕਿ 85 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਸਿਹਤ ਵਿਭਾਗ ਦੀਆਂ ਰਿਪੋਰਟਾਂ ਅਨੁਸਾਰ ਜਲੰਧਰ ਜ਼ਿਲ੍ਹੇ ਵਿੱਚ ਕਰੋਨਾਵਾਇਰਸ ਕਾਰਨ ਹੁਣ ਤੱਕ 1420 ਮੌਤਾਂ ਹੋ ਚੁੱਕੀਆਂ ਹਨ ਅਤੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 61,398 ਤੱਕ ਪਹੁੰਚ ਗਈ ਹੈ। ਜ਼ਿਲ੍ਹੇ ਵਿੱਚ ਕਾਫੀ ਲੰਮੇ ਸਮੇਂ ਤੋਂ ਬਾਅਦ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 100 ਤੋਂ ਹੇਠਾਂ ਆਉਣ ਨਾਲ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ ਹੈ ਪਰ ਲਗਾਤਾਰ ਹੋ ਰਹੀਆਂ ਮੌਤਾਂ ਅਜੇ ਵੀ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ।
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਅੱਜ ਜ਼ਿਲ੍ਹੇ ’ਚ ਕੋਵਿਡ ਦੇ 118 ਨਵੇਂ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ ਜਦੋਂਕਿ ਦੋ ਮਰੀਜ਼ਾਂ ਦੀ ਮੌਤ ਹੋਈ ਹੈ। ਸਿਵਲ ਸਰਜਨ ਦਫ਼ਤਰ ਤੋਂ ਜਾਰੀ ਸੂਚਨਾ ਮੁਤਾਬਿਕ ਜ਼ਿਲ੍ਹੇ ’ਚ 1016 ਕੇਸ ਐਕਟਿਵ ਹਨ ਅਤੇ 27571 ਮਰੀਜ਼ ਤੰਦਰੁਸਤ ਹੋ ਚੁੱਕੇ ਹਨ। ਇਸੇ ਦੌਰਾਨ ਡੀਸੀ ਅਪਨੀਤ ਰਿਆਤ ਨੇ ਦੱਸਿਆ ਕਿ ਅੱਜ ਪੰਜ ਪਿੰਡਾਂ ਵਿਚ 100 ਫੀਸਦੀ ਟੀਕਾਕਰਨ ਦਾ ਟੀਚਾ ਪੂਰਾ ਕਰ ਲਿਆ ਗਿਆ ਹੈ। ਇਨ੍ਹਾਂ ਪਿੰਡਾਂ ਵਿੱਚ ਹਾਰਟਾ ਬੱਡਲਾ ਬਲਾਕ ਦੇ ਪਿੰਡ ਰਾਜਨੀ ਦੇਵੀ, ਹਰੀਪੁਰ, ਭੀਲੋਵਾਲ, ਜਹਾਨਖੇਲਾਂ ਤੇ ਪਿੰਡ ਨਾਰੀ ਸ਼ਾਮਲ ਹਨ। ਜ਼ਿਲ੍ਹੇ ਵਿਚ ਹੁਣ ਤੱਕ ਕੁੱਲ 3,96,880 ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ ਜਿਸ ਵਿੱਚ 362842 ਨੂੰ ਪਹਿਲੀ ਅਤੇ 34038 ਨੂੰ ਦੂਜੀ ਡੋਜ਼ ਲਗਾਈ ਜਾ ਚੁੱਕੀ ਹੈ।
ਤਰਨ ਤਾਰਨ (ਪੱਤਰ ਪ੍ਰੇਰਕ): ਜ਼ਿਲ੍ਹੇ ਵਿੱਚ ਕਰੋਨਾਵਾਇਰਸ ਤੋਂ ਪੀੜਤ ਦੋ ਜਣਿਆਂ ਦੀ ਮੌਤ ਹੋ ਗਈ ਹੈ ਤੇ ਮ੍ਰਿਤਕਾਂ ਦੀ ਕੁੱਲ ਗਿਣਤੀ 332 ਹੋ ਗਈ ਹੈ। ਅੱਜ 18 ਹੋਰ ਜਣਿਆਂ ਦੇ ਕਰੋਨਾ ਪੀੜਤ ਪਾਏ ਜਾਣ ਨਾਲ ਐਕਟਿਵ ਕੇਸ 326 ਹੋ ਗਏ ਹਨ। ਇਨ੍ਹਾਂ ਵਿੱਚੋਂ 181 ਜਣਿਆਂ ਨੂੰ ਉਨ੍ਹਾਂ ਦੇ ਘਰਾਂ ਅੰਦਰ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ। ਜ਼ਿਲ੍ਹੇ ਵਿੱਚ ਅੱਜ 2583 ਵਿਅਕਤੀਆਂ ਨੂੰ ਕੋਵਿਡ ਰੋਕੂ ਵੈਕਸੀਨ ਲਗਾਈ ਗਈ ਹੈ।