ਜੋਗਿੰਦਰ ਕੁੱਲੇਵਾਲ
ਗੜ੍ਹਸ਼ੰਕਰ, 8 ਜੂਨ
ਪੰਜਾਬ ਸਰਕਾਰ ਵੱਲੋ ਛੇਵੇਂ ਪੇਅ ਕਮਿਸ਼ਨ ਦੀ ਰਿਪੋਰਟ ਪੰਜਾਬ ਕੈਬਨਿਟ ਦੀ 2 ਜੂਨ ਦੀ ਮੀਟਿੰਗ ਵਿਚ ਨਾ ਵਿਚਾਰਨ ਅਤੇ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਲਗਾਤਾਰ ਅੱਖੋਂ ਪਰੋਖੇ ਕਰਨ, ਪੇਅ ਕਮਿਸ਼ਨ ਦੀ ਮਿਆਦ ਵਿੱਚ ਲਗਾਤਾਰ ਵਾਧਾ ਕਰਨ ਦੇ ਵਿਰੋਧ ਵਿਚ ਪੰਜਾਬ ਤੇ ਯੂ.ਟੀ. ਮੁਲਾਜ਼ਮ ਪੈਨਸ਼ਨਰ ਫਰੰਟ ਵੱਲੋਂ ਅੱਜ ਇਥੇ ਗਾਂਧੀ ਪਾਰਕ ਵਿੱਚ ਸਾਥੀ ਸ਼ਾਦੀ ਰਾਮ ਕਪੂਰ ਅਤੇ ਰਾਮ ਜੀ ਦਾਸ ਚੌਹਾਨ ਦੀ ਅਗਵਾਈ ਵਿਚ ਰੋਹ ਭਰਪੂਰ ਰੈਲੀ ਕੀਤੀ ਅਤੇ ਬਜ਼ਾਰਾਂ ਵਿਚ ਰੋਸ ਮਾਰਚ ਕਰਨ ਉਪਰੰਤ ਬੰਗਾ ਚੌਕ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਅਤੇ ਨਾਅਰੇਬਾਜ਼ੀ ਕੀਤੀ। ਇਸ ਸਮੇਂ ਬੁਲਾਰਿਆਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਮੁਲਾਜ਼ਮ ਸੰਘਰਸ਼ ਹੋਰ ਪ੍ਰਚੰਡ ਹੋਵੇਗਾ ਤੇ ਪੰਜਾਬ ਦਾ ਸਮੁੱਚਾ ਮੁਲਾਜ਼ਮ ਸੜਕਾਂ ’ਤੇ ਉਤਰੇਗਾ।
ਬਲਾਚੌਰ(ਗੁਰਦੇਵ ਸਿੰਘ ਗਹੂੰਣ): ਪੰਜਾਬ ਸਰਕਾਰ ਵਲੋਂ ਤਨਖਾਹ ਕਮਿਸ਼ਨ ਦੀ ਮਿਆਦ 31 ਅਗਸਤ ਤੱਕ ਵਧਾਏ ਜਾਣ ਨੂੰ ਲੈ ਕੇ ਮਾਰਕੀਟ ਕਮੇਟੀ ਮੁਲਾਜ਼ਮ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਗੀਚਾ ਸਿੰਘ ਰੱਕੜ, ਡੀਟੀਐੱਫ ਦੇ ਚੰਦਰ ਸ਼ੇਖਰ ਔਲੀਆਪੁਰ, ਪੈਨਸ਼ਨਰਜ਼ ਐਸੋਸੀਏਸ਼ਨ ਦੇ ਸੋਮ ਲਾਲ ਅਤੇ ਰਾਣਾ ਦਿਲਾਵਰ ਸਿੰਘ ਆਦਿ ਆਗੂਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਤਨਖਾਹ ਕਮਿਸ਼ਨ ਦੀ ਮਿਆਦ ਨੂੰ ਵਾਰ-ਵਾਰ ਵਧਾ ਕੇ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਕੋਝਾ ਮਜ਼ਾਕ ਕਰ ਰਹੀ ਹੈ, ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਕਤ ਆਗੂਆਂ ਨੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦਾ ਸਖ਼ਤ ਵਿਰੋਧ ਕੀਤਾ।
ਮਜੀਠਾ (ਲਖਨਪਾਲ ਸਿੰਘ): ਇਥੇ ਬਿਜਲੀ ਕੰਪਲੈਕਸ ਵਿੱਚ ਪੈਨਸਨਰਜ਼ ਐਸੋਸੀਏਸ਼ਨ ਸਬ ਅਰਬਨ ਮੰਡਲ ਅੰਮ੍ਰਿਤਸਰ ਵੱਲੋਂ ਜੋਗਿੰਦਰ ਸਿੰਘ ਸੋਹੀ ਦੀ ਅਗਵਾਈ ਵਿੱਚ ਰੋਸ ਰੈਲੀ ਕਰਕੇ ਪੰਜਾਬ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਦਿੱਲੀ ਕਿਸਾਨ ਮੋਰਚੇ ਦੇ ਸ਼ਹੀਦਾਂ ਨੂੰ 2 ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦੇਣ ਉਪਰੰਤ ਆਗੂਆਂ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਬੋਰਡ ਮੈਨੇਜਮੈਂਟ ਵੱਲੋਂ ਜਥੇਬੰਧੀ ਦੇ ਦਬਾ ਕਾਰਨ ਮੁਲਾਜ਼ਮ ਤੇ ਪੈਨਸਨਰਜ਼ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਨਾਲ ਲਿਖਤੀ 2 ਮੀਟਿੰਗਾਂ ਹੋਈਆਂ ਜੋ ਬੇਸਿੱਟਾ ਰਹੀਆਂ, ਉਪਰੰਤ ਫਿਰ 4 ਮੀਟਿੰਗਾਂ ਲਿਖਤੀ ਦਿੱਤੀਆਂ ਗਈਆਂ ਪਰ ਪੰਜਾਬ ਸਰਕਾਰ ਵੱਲੋ ਮੀਟਿੰਗਾਂ ਦੇ ਕੇ ਮੁਲਤਵੀ ਕਰ ਦਿੱਤੀਆਂ ਗਈਆਂ। ਜਿਸ ਕਾਰਨ ਪੰਜਾਬ ਦੇ ਬਿਜਲੀ ਮੁਲਾਜ਼ਮਾਂ ਤੇ ਪੈਨਸਨਰਜ਼ਾਂ ਵਿਚ ਗੁੱਸਾ ਹੈ। ਆਗੂਆਂ ਨੇ ਕਿਹਾ ਕਿ 22 ਜੂਨ 2021 ਨੂੰ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸਨਰਾਂ ਵੱਲੋਂ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਕੀਤੀ ਜਾ ਰਹੀ ਕਨਵੈਨਸ਼ਨ ਵਿੱਚ ਸਰਕਲ ਤੇ ਡਵੀਜ਼ਨ ਆਗੂ ਨੂੰ ਪਹੁੰਚਣ ਦੀ ਅਪੀਲ ਕੀਤੀ।
ਰਈਆ (ਦਵਿੰਦਰ ਸਿੰਘ ਭੰਗੂ): ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਦੇ ਸੱਦੇ ’ਤੇ ਕਸਬਾ ਰਈਆ ਵਿੱਚ ਅੱਜ ਭਾਰੀ ਗਿਣਤੀ ਵਿੱਚ ਮੁਲਾਜ਼ਮਾਂ ਨੇ ਇਕੱਠੇ ਹੋ ਕੇ ਜੀਟੀ ਰੋਡ ’ਤੇ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਫੂਕਿਆ ਅਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਅੱਜ ਦੇ ਐਕਸ਼ਨ ਵਿੱਚ ਡੀਐੱਮਐੱਫ, ਰੈਵੇਨਿਊ ਪਟਵਾਰ ਯੂਨੀਅਨ, ਡੀਟੀਐੱਫ, ਮਿੱਡ- ਡੇਅ ਮੀਲ ਵਰਕਰਜ਼, ਆਸ਼ਾ ਵਰਕਰਜ਼ ਤੇ ਫੈਸਿਲੀਟੇਟਰ, ਜੰਗਲਾਤ ਵਰਕਰ, ਨਹਿਰੀ ਕਾਮੇ, ਜਲ ਸਪਲਾਈ ਕਾਮੇ ਅਤੇ ਐਲੀਮੈਂਟਰੀ ਯੂਨੀਅਨਾਂ ਦੇ ਆਗੂਆਂ ਅਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਇਕੱਤਰ ਹੋਏ ਮੁਲਾਜ਼ਮਾਂ ਨੂੰ ਸੰਬੋਧਨ ਕਰਦੇ ਹੋਏ ਜਰਮਨਜੀਤ ਸਿੰਘ ਛੱਜਲਵੱਡੀ, ਤਰਸੇਮ ਸਿੰਘ ਫੱਤੂਭੀਲਾ, ਮਮਤਾ ਸ਼ਰਮਾ, ਪਰਮਜੀਤ ਕੌਰ ਮਾਨ ਅਤੇ ਰਛਪਾਲ ਸਿੰਘ ਜੋਧਾ ਨਗਰੀ ਨੇ ਪੰਜਾਬ ਸਰਕਾਰ ਦੁਆਰਾ ਛੇਵੇਂ ਪੇ-ਕਮਿਸ਼ਨ ਦੀ ਰਿਪੋਰਟ ਜਾਰੀ ਕਰਨ ਦੀ ਮਿਆਦ ਵਾਰ ਵਾਰ ਵਧਾਉਣ ਅਤੇ ਹੁਣ 31 ਅਗਸਤ 2021 ਤੱਕ ਵਾਧਾ ਕਰਨ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਅਤੇ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿੱਚ ਸਰਕਾਰ ਪ੍ਰਤੀ ਗ਼ੁੱਸੇ ਦੀ ਲਹਿਰ ਦੌੜ ਰਹੀ ਹੈ।
ਮੁਲਾਜ਼ਮਾਂ ਦੀਆਂ ਮੰਗਾਂ ਦੀ ਅਣਦੇਖੀ ਕਰਨ ਦਾ ਦੋਸ਼
ਗੁਰਦਾਸਪੁਰ (ਜਤਿੰਦਰ ਬੈਂਸ): ਪੰਜਾਬ ਯੂਟੀ ਅਤੇ ਪੈਨਸ਼ਨਰਜ਼ ਫਰੰਟ ਵੱਲੋਂ ਸਥਾਨਕ ਗੁਰੂ ਨਾਨਕ ਪਾਰਕ ਵਿੱਚ ਇੱਕਠੇ ਹੋਣ ਉਪਰੰਤ ਚੌਂਕ ’ਚ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਗਿਆ। ਰੋਸ ਜਾਹਿਰ ਕੀਤਾ ਕਿ ਸਰਕਾਰ ਮੁਲਾਜ਼ਮਾਂ ਦੀ ਮੰਗਾਂ ਦੀ ਲਗਾਤਾਰ ਅਣਦੇਖੀ ਕਰ ਰਹੀ ਹੈ। ਫਰੰਟ ਆਗੂ ਹਰਜਿੰਦਰ ਸਿੰਘ ਵਡਾਲਾ ਬਾਂਗਰ, ਕੁਲਦੀਪ ਸਿੰਘ, ਸੋਮ ਸਿੰਘ, ਸਵਿੰਦਰਰ ਸਿੰਘ, ਅਨੇਕ ਚੰਦ ਪਾਹੜਾ, ਅਮਰਜੀਤ ਸ਼ਾਸ਼ਤਰੀ, ਬਲਵਿੰਦਰ ਕੌਰ ਰਾਵਲਪਿੰਡੀ ਅਤੇ ਹੋਰਨਾਂ ਨੇ ਸੰਬੋਧਨ ਕਰਦੇ ਕਿਹਾ ਕਿ ਮੁਲਾਜ਼ਮ ਮਾਰੂ ਨੀਤੀਆਂ ਨੂੰ ਲੈ ਕੇ ਸਮੂਹ ਮੁਲਾਜ਼ਮ ਵਰਗ ਵਿੱਚ ਰੋਸ ਹੈ। ਉਨ੍ਹਾਂ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਿਆਂ ਨਹੀਂ ਕੀਤਾ ਜਾ ਰਿਹਾ ਹੈ ਅਤੇ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਵਿੱਚ ਦੇਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਤੋਂ ਭੱਜ ਰਹੀ ਹੈ।
ਤਨਖਾਹ ਕਮਿਸ਼ਨ ਦੀ ਦੇਰੀ ਖ਼ਿਲਾਫ਼ ਰੋਸ ਜਤਾਇਆ
ਪਠਾਨਕੋਟ (ਐੱਨਪੀ ਧਵਨ): ਪੰਜਾਬ ਯੂਟੀ ਮੁਲਾਜ਼ਮ, ਪੈਨਸ਼ਨਰ ਤਾਲਮੇਲ ਸਾਂਝਾ ਸੰਘਰਸ਼ ਫਰੰਟ ਵੱਲੋਂ ਡੀਸੀ ਦਫਤਰ ਕੰਪਲੈਕਸ ਅੱਗ ਛੇਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਨ ਵਿੱਚ ਕੀਤੀ ਜਾ ਰਹੀ ਦੇਰੀ ਨੂੰ ਲੈ ਕੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਗਿਆ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਸਮੂਹ ਬੁਲਾਰਿਆਂ ਨੇ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵਲੋਂ ਤਨਖਾਹ ਕਮਿਸ਼ਨ ਦੀ ਰਿਪੋਰਟ 1 ਜਨਵਰੀ 2016 ਤੋਂ ਲੰਬਿਤ ਪਈ ਹੈ ਪਰ ਵਾਰ-ਵਾਰ ਮੰਗ ਕਰਨ ਦੇ ਬਾਵਜੂਦ ਪੰਜਾਬ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਨਾਲ ਵਿਸ਼ਵਾਸ਼ਘਾਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਤਾਂ ਸੰਕੇਤਿਕ ਰੋਸ ਪ੍ਰਦਰਸ਼ਨ ਸੀ ਪਰ ਜੇਕਰ ਸਰਕਾਰ ਨੇ ਫਿਰ ਵੀ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ 23 ਜੂਨ ਤੋਂ ਲੈ ਕੇ 27 ਜੂਨ ਤੱਕ ਮੁਲਾਜ਼ਮ ਹੜਤਾਲ ਕਰਨਗੇ।