ਸੰਯੁਕਤ ਰਾਸ਼ਟਰ: ਭਾਰਤ ਸੰਯੁਕਤ ਰਾਸ਼ਟਰ ਦੀ ਆਰਥਿਕ ਤੇ ਸਮਾਜਿਕ ਕੌਂਸਲ ਲਈ ਚੁਣਿਆ ਗਿਆ ਹੈ। ਇਹ ਸੰਯੁਕਤ ਰਾਸ਼ਟਰ ਦੇ ਛੇ ਮੁੱਖ ਅੰਗਾਂ ਵਿਚੋਂ ਇਕ ਹੈ। ਭਾਰਤ ਦੀ ਚੋਣ 2022-24 ਤੱਕ ਕੀਤੀ ਗਈ ਹੈ। 54 ਮੈਂਬਰੀ ਕੌਂਸਲ ਤਿੰਨ ਅਹਿਮ ਖੇਤਰਾਂ ਵਿਚ ਟਿਕਾਊ ਵਿਕਾਸ ਲਈ ਕੰਮ ਕਰਦੀ ਹੈ।ਇਹ ਕੌਂਸਲ ਟੀਚਿਆਂ ਨੂੰ ਹਾਸਲ ਕਰਨ ਲਈ ਵਿਚਾਰ-ਚਰਚਾ, ਨਵੇਂ ਵਿਚਾਰਾਂ ਤੇ ਅੱਗੇ ਵਧਣ ਲਈ ਸਹਿਮਤੀ ਕਾਇਮ ਕਰਨ ਦਾ ਕੰਮ ਕਰਦੀ ਹੈ। ਸੰਯੁਕਤ ਰਾਸ਼ਟਰ ਦੀਆਂ ਕਈ ਵੱਡੀਆਂ ਕਾਨਫਰੰਸਾਂ ਤੇ ਸਿਖ਼ਰ ਸੰਮੇਲਨਾਂ ਵਿਚ ਵੀ ਇਸ ਦੀ ਅਹਿਮ ਭੂਮਿਕਾ ਰਹਿੰਦੀ ਹੈ। ਭਾਰਤ ਨੂੰ ਏਸ਼ੀਆ-ਪ੍ਰਸ਼ਾਂਤ ਖਿੱਤੇ ਵਿਚੋਂ ਅਫ਼ਗਾਨਿਸਤਾਨ, ਕਜ਼ਾਖ਼ਸਤਾਨ ਤੇ ਓਮਾਨ ਦੇ ਨਾਲ ਚੁਣਿਆ ਗਿਆ ਹੈ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧ ਟੀ.ਐੱਸ. ਤ੍ਰਿਮੂਰਤੀ ਨੇ ਸੰਯੁਕਤ ਰਾਸ਼ਟਰ ਦਾ ਇਸ ਲਈ ਧੰਨਵਾਦ ਕੀਤਾ ਹੈ। ਭਾਰਤ ਇਸ ਵੇਲੇ ਤਾਕਤਵਰ ਸਲਾਮਤੀ ਕੌਂਸਲ ਵਿਚ 2021-22 ਲਈ ਗ਼ੈਰ-ਸਥਾਈ ਮੈਂਬਰ ਵਜੋਂ ਆਪਣਾ ਕਾਰਜਕਾਲ ਪੂਰਾ ਕਰ ਰਿਹਾ ਹੈ। -ਪੀਟੀਆਈ