ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 8 ਜੂਨ
ਸੀਪੀਆਈ ਐੱਮਐੱਲ ਲਿਬਰੇਸ਼ਨ ਦੇ ਕਾਰਕੁਨਾਂ ਵੱਲੋਂ ‘ਹਿਸਾਬ ਦਿਓ, ਜਵਾਬ ਦਿਓ’ ਦੇ ਨਾਅਰੇ ਤਹਿਤ ਅੱਜ ਦੂਜੇ ਦਿਨ ਵੀ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਤੇ ਦਫਤਰਾਂ ਅੱਗੇ ਧਰਨੇ ਦਿੱਤੇ ਗਏ। ਇਸ ਦੌਰਾਨ ਲਿਬਰੇਸ਼ਨ ਪਾਰਟੀ ਨੇ ਮੰਤਰੀਆਂ ਅਤੇ ਵਿਧਾਇਕਾਂ ਕੋਲੋਂ ਉਨ੍ਹਾਂ ਦੀ ਵਿਧਾਨ ਸਭਾ ਦੇ ਅੰਦਰਲੀ ਅਤੇ ਬਾਹਰਲੀ ਸਾਢੇ ਚਾਰ ਸਾਲ ਦੀ ਕਾਰਗੁਜ਼ਾਰੀ ਦਾ ਹਿਸਾਬ ਮੰਗਿਆ। ਪਾਰਟੀ ਦੇ ਬੁਲਾਰੇ ਸੁਖਦਰਸ਼ਨ ਸਿੰਘ ਨੱਤ ਨੇ ਦੱਸਿਆ ਕਿ ਚਾਰ ਮੰਤਰੀਆਂ ਮਨਪ੍ਰੀਤ ਸਿੰਘ ਬਾਦਲ, ਗੁਰਮੀਤ ਸਿੰਘ ਰਾਣਾ ਸੋਢੀ, ਵਿਜੈ ਇੰਦਰ ਸਿੰਗਲਾ ਅਤੇ ਰਜ਼ੀਆ ਸੁਲਤਾਨਾ ਤੋਂ ਇਲਾਵਾ ਅੱਜ ਵੱਖ ਵੱਖ ਸਿਆਸੀ ਪਾਰਟੀਆਂ ਨਾਲ ਸਬੰਧਤ ਕਰੀਬ 15 ਵਿਧਾਇਕਾਂ ਦੇ ਘਰਾਂ ਅੱਗੇ ਧਰਨੇ ਦਿੱਤੇ ਗਏ।
ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਾਂਗਰਸ ਨੂੰ ਚੋਣ ਮੈਨੀਫੈਸਟੋ ਤਹਿਤ ਕੀਤੇ ਗਏ ਵਾਅਦਿਆਂ ਜਿਵੇਂ ਹਰ ਪਰਿਵਾਰ ਲਈ ਇੱਕ ਸਰਕਾਰੀ ਨੌਕਰੀ, ਇਕ ਮਹੀਨੇ ਵਿਚ ਨਸ਼ਿਆਂ ਦਾ ਖ਼ਾਤਮਾ, ਰੇਤ-ਬੱਜਰੀ ਮਾਫੀਏ ਦਾ ਖਾਤਮਾ, ਦਲਿਤ ਲੜਕੀ ਲਈ ਇਕਵੰਜਾ ਹਜ਼ਾਰ ਰੁਪਏ ਸ਼ਗਨ ਸਕੀਮ ਅਤੇ ਬੇਜ਼ਮੀਨੇ ਗ਼ਰੀਬਾਂ ਨੂੰ ਮਕਾਨ ਉਸਾਰੀ ਲਈ ਮੁਫਤ ਪਲਾਟ ਤੇ ਸਬਸਿਡੀਆਂ ਦੇਣ ਵਰਗੇ ਵਾਅਦਿਆਂ ਸਬੰਧੀ ਸਵਾਲ ਪੁੱਛੇ। ਉਨ੍ਹਾਂ ਵਿਧਾਇਕਾਂ ਕੋਲੋਂ ਤਿੰਨ ਖੇਤੀ ਕਾਨੂੰਨਾਂ, ਕਿਰਤ ਕਾਨੂੰਨਾਂ ਵਿਚ ਕੀਤੀਆਂ ਸੋਧਾਂ ਅਤੇ ਕਿਸਾਨਾਂ ਸਿਰ ਚੜ੍ਹੇ ਕਰਜ਼ੇ ਦੇ ਖਾਤਮੇ ਲਈ ਚੱਲ ਰਹੇ ਸੰਘਰਸ਼ਾਂ ਵਿੱਚ ਉਨ੍ਹਾਂ ਦੀ ਭੂਮਿਕਾ ਬਾਰੇ ਵੀ ਪੁੱਛਿਆ। ਇਸ ਦੌਰਾਨ ਉਨ੍ਹਾਂ ਮੋਦੀ ਸਰਕਾਰ ਦੇ ਕਰੋਨਾ ਫੈਲਣ ਤੋਂ ਰੋਕਣ ਵਿੱਚ ਅਸਫ਼ਲ ਰਹਿਣ, ਲੋੜੀਂਦੀਆਂ ਮੈਡੀਕਲ ਸਹੂਲਤਾਂ, ਆਕਸੀਜਨ, ਵੈਂਟੀਲੇਟਰਜ਼ ਅਤੇ ਵੈਕਸੀਨ ਦਾ ਸਮੇਂ ਸਿਰ ਲੋੜੀਂਦਾ ਪ੍ਰਬੰਧ ਨਾ ਕਰਨ, ਤਾਲਾਬੰਦੀ ਕਾਰਨ ਕਰੋੜਾਂ ਮਜ਼ਦੂਰਾਂ ਦੀ ਆਰਥਿਕਤਾ ਨੂੰ ਬੁਰੀ ਤਰ੍ਹਾਂ ਬਰਬਾਦ ਕਰਨ ਦੀ ਨਿਖੇਧੀ ਕੀਤੀ। ਇਸ ਮੌਕੇ ਗੁਰਦਾਸਪੁਰ, ਹੁਸ਼ਿਆਰਪੁਰ, ਫ਼ਰੀਦਕੋਟ, ਮਾਲੇਰਕੋਟਲਾ, ਸੰਗਰੂਰ, ਸੁਨਾਮ, ਮੂਨਕ, ਰਾਏਕੋਟ, ਬਰਨਾਲਾ, ਮਹਿਲ ਕਲਾਂ, ਤਪਾ (ਭਦੌੜ), ਮੌੜ, ਬਠਿੰਡਾ (ਦਿਹਾਤੀ), ਬਠਿੰਡਾ, ਮਾਨਸਾ, ਬੁਢਲਾਡਾ ਅਤੇ ਸਰਦੂਲਗੜ੍ਹ ਵਿਧਾਨ ਸਭਾ ਹਲਕਿਆਂ ਵਿੱਚ ਦਿੱਤੇ ਗਏ ਧਰਨਿਆਂ ਨੂੰ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰ, ਕੇਂਦਰੀ ਕਮੇਟੀ ਮੈਂਬਰ ਰਾਜਵਿੰਦਰ ਸਿੰਘ ਰਾਣਾ, ਕਾਮਰੇਡ ਭਗਵੰਤ ਸਿੰਘ ਸਮਾਓ, ਗੁਰਪ੍ਰੀਤ ਸਿੰਘ ਅਤੇ ਹੋਰਾਂ ਨੇ ਸੰਬੋਧਨ ਕੀਤਾ।
ਭਾਜਪਾ ਸੱਤਾ ’ਚ ਆਉਣ ਦੇ ਨੇੜੇ ਵੀ ਨਹੀਂ: ਨੱਤ
ਭਾਜਪਾ ਵੱਲੋਂ ਪੰਜਾਬ ਵਿੱਚ ਕਿਸੇ ਦਲਿਤ ਨੂੰ ਪੰਜਾਬ ਦਾ ਅਗਲਾ ਮੁੱਖ ਮੰਤਰੀ ਬਣਾਉਣ ਦੇ ਕੀਤੇ ਐਲਾਨ ਬਾਰੇ ਸੁਖਦਰਸ਼ਨ ਸਿੰਘ ਨੱਤ ਨੇ ਕਿਹਾ ਪੰਜਾਬ ਵਿੱਚ ਭਾਜਪਾ ਦੇ ਇਸ ਐਲਾਨ ਦਾ ਕੋਈ ਅਰਥ ਨਹੀਂ ਹੈ। ਸੂਬੇ ਵਿੱਚ ਭਾਜਪਾ ਸੱਤਾ ’ਚ ਪਹੁੰਚਣ ਦੇ ਨੇੜੇ ਤੇੜੇ ਵੀ ਨਹੀਂ। ਉਨ੍ਹਾਂ ਕਿਹਾ ਕਿ ਜੇ ਭਾਜਪਾ ਆਪਣੇ ਇਸ ਐਲਾਨ ਬਾਰੇ ਗੰਭੀਰ ਹੈ ਤਾਂ ਕਿਸੇ ਦਲਿਤ ਨੂੰ ਪ੍ਰਧਾਨ ਮੰਤਰੀ ਜਾਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੀ ਕੁਰਸੀ ’ਤੇ ਬਿਠਾਇਆ ਜਾਣਾ ਬਣਦਾ ਹੈ।