ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 9 ਜੂਨ
ਔਰਤ ਕੋਲੋਂ ਸੋਨੇ ਦੇ ਗਹਿਣੇ ਖੋਹਣ ਦੇ ਮਾਮਲੇ ਵਿੱਚ ਪੁਲੀਸ ਨੇ ਇਕ ਔਰਤ ਸਣੇ ਤਿੰਨ ਲੁੱਟੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਕੇਸ ਦੇ ਸਬੰਧ ਵਿਚ ਥਾਣਾ ਮੋਹਕਮਪੁਰਾ ਵਿੱਚ ਪੁਲੀਸ ਨੇ ਪੀੜਤ ਔਰਤ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕੀਤਾ ਸੀ। ਪੀੜਤ ਨਿਰਮਲਜੀਤ ਕੌਰ ਨੇ ਦੱਸਿਆ ਕਿ ਉਹ ਬੀਤੇ ਦਿਨ ਪੈਟਰੋਲ ਪੰਪ ਤੋਂ ਸਕੂਟਰ ਵਿੱਚ ਪੈਟਰੋਲ ਭਰਵਾਉਣ ਮਗਰੋ ਜਦੋਂ ਉਹ ਵਾਪਸ ਜਾ ਰਹੀ ਸੀ ਤਾਂ ਰਸਤੇ ਵਿੱਚ ਇਕ ਵਿਅਕਤੀ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਹ ਰੁਕੀ ਨਹੀਂ। ਥੋੜੀ ਦੂਰ ਜਾ ਕੇ ਇਕ ਹੋਰ ਵਿਅਕਤੀ ਤੇ ਇਕ ਔਰਤ, ਜੋ ਕਿ ਮੋਟਰਸਾਈਕਲ ’ਤੇ ਸਵਾਰ ਸਨ, ਨੇ ਉਸ ਨੂੰ ਰੋਕ ਲਿਆ। ਇਸ ਦੌਰਾਨ ਪਹਿਲਾਂ ਰੁਕਣ ਦਾ ਇਸ਼ਾਰਾ ਕਰਨ ਵਾਲਾ ਵਿਅਕਤੀ ਵੀ ਉਥੇ ਪਹੁੰਚ ਗਿਆ। ਉਸ ਨੇ ਦੋੋਸ਼ ਲਾਇਆ ਕਿ ਸਾਰੇ ਜਣੇ ਤੇਜ਼ਧਾਰ ਹਥਿਆਰ ਦੀ ਨੋਕ ’ਤੇ ਉਸ ਨੂੰ ਇਕ ਗਲੀ ਵਿੱਚ ਲੈ ਗਏ ਅਤੇ ਸੋਨੇ ਦੇ ਗਹਿਣੇ ਉਤਰਵਾ ਲਏ। ਇਨ੍ਹਾਂ ਗਹਿਣਿਆਂ ਵਿੱਚ 2 ਸੋਨੇ ਦੀਆ ਚੂੜੀਆਂ ਅਤੇ ਦੋ ਕਾਂਟੇ ਸ਼ਾਮਲ ਸਨ। ਗਹਿਣੇ ਖੋਹਣ ਮਗਰੋਂ ਲੁਟੇਰੇ ਫਰਾਰ ਹੋ ਗਏ।
ਜਾਅਲੀ ਕਰੰਸੀ ਤੇ ਚਰਸ ਸਣੇ ਔਰਤ ਗ੍ਰਿਫ਼ਤਾਰ
ਪਠਾਨਕੋਟ (ਐੱਨਪੀ ਧਵਨ): ਪੁਲੀਸ ਨੇ ਇੱਕ ਔਰਤ ਨੂੰ ਜਾਅਲੀ ਕਰੰਸੀ ਅਤੇ ਚਰਸ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਔਰਤ ਦਾ ਨਾਂ ਸੁਨੀਤਾ ਵਾਸੀ ਮੁਹੱਲਾ ਪ੍ਰੇਮ ਨਗਰ ਸੁਜਾਨਪੁਰ ਦੱਸਿਆ ਗਿਆ ਹੈ। ਉਸ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 498-ਸੀ ਅਤੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਨਾਰਕੋਟਿਕਸ ਸੈੱਲ ਦੇ ਸਬ-ਇੰਸਪੈਕਟਰ ਹਰਜਿੰਦਰ ਸਿੰਘ ਨੇ ਪੁਲੀਸ ਪਾਰਟੀ ਸਮੇਤ ਮੁਹੱਲਾ ਪ੍ਰੇਮ ਨਗਰ ਸੁਜਾਨਪੁਰ ਵਿੱਚ ਇੱਕ ਘਰ ਵਿੱਚ ਜਦੋਂ ਛਾਪਾ ਮਾਰਿਆ ਤਾਂ ਤਲਾਸ਼ੀ ਦੌਰਾਨ 4 ਲੱਖ 25 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਅਤੇ 250 ਗਰਾਮ ਚਰਸ ਬਰਾਮਦ ਹੋਈ। ਇਸ ਕਾਰਨ ਘਰ ਦੀ ਮਾਲਕਣ ਸੁਨੀਤਾ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ।