ਪੱਤਰ ਪ੍ਰੇਰਕ
ਯਮੁਨਾਨਗਰ, 9 ਜੂਨ
ਹਰਿਆਣਾ ਦੀ ਸਾਬਕਾ ਸਿਹਤ ਮੰਤਰੀ ਅਤੇ ਭਾਜਪਾ ਦੀ ਪਹਿਲੀ ਪ੍ਰਦੇਸ਼ ਪ੍ਰਧਾਨ ਡਾ. ਕਮਲਾ ਵਰਮਾ ਦਾ ਅੱਜ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਪੁਲੀਸ ਨੇ ਮਾਤਮੀ ਧੁਨ ਵਜਾ ਕੇ ਅਤੇ ਹਵਾ ਵਿੱਚ ਗੋਲੀਆਂ ਚਲਾ ਕੇ ਗਾਰਡ ਆਫ ਆਨਰ ਦਿੱਤਾ। ਉਨ੍ਹਾਂ ਦੀ ਅੰਤਿਮ ਯਾਤਰਾ ਵਿੱਚ ਹਰਿਆਣਾ ਦੇ ਭਾਜਪਾ ਪ੍ਰਧਾਨ ਓਮ ਪ੍ਰਕਾਸ਼ ਧਨਖੜ, ਸਿੱਖਿਆ ਮੰਤਰੀ ਕੰਵਰਪਾਲ, ਕੁਰੂਕਸ਼ੇਤਰ ਦੇ ਸੰਸਦ ਮੈਂਬਰ ਨਾਇਬ ਸਿੰਘ ਸੈਣੀ, ਕਰਨਾਲ ਦੇ ਸੰਸਦ ਮੈਂਬਰ ਕਰਣਦੇਵ ਕੰਬੋਜ, ਯਮੁਨਾ ਨਗਰ ਦੇ ਵਿਧਾਇਕ ਘਣਸ਼ਾਮ ਦਾਸ ਅਰੋੜਾ ਸਣੇ ਹੋਰ ਵੀ ਆਗੂ ਸ਼ਾਮਲ ਸਨ। ਜ਼ਿਕਰਯੋਗ ਹੈ ਕਿ ਡਾ. ਕਮਲਾ ਵਰਮਾ ਦਾ ਇੱਥੋਂ ਦੇ ਇੱਕ ਨਿੱਜੀ ਹਸਪਤਾਲ ਵਿੱਚ ਕਰੋਨਾ ਅਤੇ ਬਲੈਕ ਫੰਗਸ ਦਾ ਇਲਾਜ ਚੱਲ ਰਿਹਾ ਸੀ ਜਿਸ ਦਰਮਿਆਨ ਉਨ੍ਹਾਂ ਦਾ ਕਲ ਦੇਹਾਂਤ ਹੋ ਗਿਆ।