ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 9 ਜੂਨ
ਪਿੰਡ ਲਾਲਪੁਰ ਵਿੱਚ 6 ਜੂਨ ਨੂੰ ਦਲਿਤ ਪਰਿਵਾਰ ਦੇ ਕਤਲ ਹੋਏ ਨੌਜਵਾਨ ਦੇ ਮਾਮਲੇ ਵਿੱਚ ਅੱਜ ਐੱਸਸੀ ਕਮਿਸ਼ਨ ਦੇ ਮੈਂਬਰ ਰਾਜ ਕੁਮਾਰ ਹੰਸ ਵੱਲੋਂ ਪਿੰਡ ਲਾਲਪੁਰ ਪਹੁੰਚ ਕੇ ਮ੍ਰਿਤਕ ਜਗਦੀਪ ਸਿੰਘ ਦੇ ਪਿਤਾ ਸਤਨਾਮ ਸਿੰਘ ਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਕੇ ਅਫਸੋਸ ਪ੍ਰਗਟ ਕਰਦਿਆਂ ਇਸ ਕਤਲ ਮਾਮਲੇ ਵਿੱਚ ਨਾਮਜ਼ਦ ਦੋਸ਼ੀਆ ਨੂੰ ਗ੍ਰਿਫਤਾਰ ਕਰਨ ਲਈ ਪੁਲੀਸ ਪ੍ਰਸ਼ਾਸਨ ਵੱਲੋ ਵਿਖਾਈ ਢਿੱਲੀ ਕਾਰਵਾਈ ਦਾ ਸਖਤ ਨੋਟਿਸ ਲਿਆ। ਉਨ੍ਹਾਂ ਪੁਲੀਸ ਨੂੰ ਫਟਕਾਰ ਲਗਾਉਂਦੇ ਹੋਏ ਮੁਲਜ਼ਮਾਂ ਨੂੰ ਜਲਦ ਕਾਬੂ ਕਰਨ ਦੇ ਹੁਕਮ ਦਿੱਤੇ ਹਨ। ਐੱਸਸੀ ਕਮਿਸ਼ਨ ਦੇ ਪਿੰਡ ਲਾਲਪੁਰ ਦੇ ਗੇੜੇ ਤੋਂ ਬਾਅਦ ਸਬ ਡਿਵੀਜ਼ਨ ਗੋਇੰਦਵਾਲ ਸਾਹਿਬ ਦੇ ਡੀਐੱਸਪੀ ਵੱਲੋ ਕਤਲ ਵਿੱਚ ਸ਼ਾਮਲ ਦੋ ਮੁਲਜ਼ਮਾਂ ਨੂੰ ਕਾਬੂ ਕਰਨ ਦਾ ਦਾਅਵਾ ਕਰਦੇ ਹੋਏ ਬਾਕੀ ਰਹਿੰਦੇ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਗੱਲ ਕਹੀ। ਉਧਰ ਸ੍ਰੀ ਹੰਸ ਨੇ ਕਿਹਾ ਕਿ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਹੀ ਕਤਲ ਦੇ ਚਾਰ ਦਿਨ ਬਾਅਦ ਵੀ ਮੁਲਜ਼ਮ ਪੁਲੀਸ ਦੀ ਗ੍ਰਿਫਤ ਤੋਂ ਬਾਹਰ ਹਨ।