ਐੱਨ. ਪੀ. ਧਵਨ
ਪਠਾਨਕੋਟ, 9 ਜੂਨ
ਸੁਜਾਨਪੁਰ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਸਮੇਂ ਪਾਰਟੀ ਦਾ ਵ੍ਹਿਪ ਨਾ ਖੋਲ੍ਹੇ ਜਾਣ ਦੇ ਵਿਰੋਧ ਵਿੱਚ ਪਾਰਟੀ ਛੱਡਣ ਵਾਲੇ ਭਾਜਪਾ ਆਗੂ ਅਤੇ ਸਾਬਕਾ ਨਗਰ ਕੌਂਸਲ ਪ੍ਰਧਾਨ ਰਾਜ ਕੁਮਾਰ ਗੁਪਤਾ ਨੂੰ ਮਨਾਉਣ ਲਈ ਅੱਜ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਪੁੱਜੇ। ਮੀਟਿੰਗ ਮਗਰੋਂ ਰਾਜ ਕੁਮਾਰ ਗੁਪਤਾ ਨੇ ਕਿਹਾ ਕਿ ਉਹ ਅਗਲਾ ਫ਼ੈਸਲਾ ਆਪਣੇ ਸਮਰਥਕਾਂ ਦੀ ਸਲਾਹ ਨਾਲ ਕਰਨਗੇ।
ਇਸ ਮੌਕੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਉਹ ਅੱਜ ਰਾਜ ਕੁਮਾਰ ਗੁਪਤਾ ਨਾਲ ਗੱਲ ਕਰਨ ਲਈ ਆਏ ਹਨ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਪ੍ਰਧਾਨ ਦੀ ਚੋਣ ਲਈ ਭਾਜਪਾ ਵੱਲੋਂ ਵ੍ਹਿਪ ਜਾਰੀ ਕੀਤਾ ਗਿਆ ਸੀ ਤੇ ਇਸ ਨੂੰ ਪੜ੍ਹਨ ਦੀ ਡਿਊਟੀ ਸੁਜਾਨਪੁਰ ਦੇ ਵਿਧਾਇਕ ਦਿਨੇਸ਼ ਸਿੰਘ ਬੱਬੂ ਦੀ ਲਗਾਈ ਗਈ ਸੀ। ਵ੍ਹਿਪ ਕਿਉਂ ਨਹੀਂ ਪੜ੍ਹਿਆ ਗਿਆ ਤੇ ਪਾਰਟੀ ਉਮੀਦਵਾਰ ਦਾ ਨਾਂ ਕਿਉਂ ਨਹੀਂ ਪੇਸ਼ ਕੀਤਾ ਗਿਆ, ਦੀ ਜਾਂਚ ਕਰਨ ਲਈ ਆਦੇਸ਼ ਦਿੱਤੇ ਜਾ ਚੁੱਕੇ ਹਨ। ਜ਼ਿਲ੍ਹਾ ਪ੍ਰਧਾਨ ਨੂੰ ਇਸ ਬਾਰੇ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਰਿਪੋਰਟ ਮਿਲਣ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਰਾਜ ਕੁਮਾਰ ਗੁਪਤਾ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਫ਼ੈਸਲੇ ’ਤੇ ਮੁੜ ਵਿਚਾਰ ਕਰਨ ਤੇ ਆਪਣੀ ਗੱਲ ਮੀਡੀਆ ਦੀ ਜਗ੍ਹਾ ਪਾਰਟੀ ਦੇ ਮੰਚ ’ਤੇ ਰੱਖਣ। ਰਾਜ ਕੁਮਾਰ ਗੁਪਤਾ ਨੇ ਕਿਹਾ ਕਿ ਉਹ ਵਿਧਾਨ ਸਭਾ ਹਲਕਾ ਸੁਜਾਨਪੁਰ ਦੇ ਆਗੂਆਂ ਨਾਲ ਵਿਚਾਰ-ਚਰਚਾ ਕਰਕੇ ਅਗਲਾ ਫ਼ੈਸਲਾ ਲੈਣਗੇ। ਇਸ ਮੌਕੇ ਰਾਜ ਕੁਮਾਰ ਗੁਪਤਾ ਦੇ ਸਮਰਥਕਾਂ ਨੇ ਵਿਧਾਇਕ ਦਿਨੇਸ਼ ਸਿੰਘ ਬੱਬੂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਵੀ ਰੱਖੀ।