ਮੁੰਬਈ, 10 ਜੂਨ
ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਬੈਠਕ ਤੋਂ ਕੁਝ ਦਿਨਾਂ ਬਾਅਦ ਅੱਜ ਸ਼ਿਵ ਸੈਨਾ ਆਗੂ ਸੰਜੈ ਰਾਊਤ ਨੇ ਕਿਹਾ ਕਿ ਸ੍ਰੀ ਮੋਦੀ ਮੁਲਕ ਅਤੇ ਭਾਜਪਾ ਦੇ ਚੋਟੀ ਦੇ ਆਗੂ ਹਨ। ਉਨ੍ਹਾਂ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਰਾਊਤ ਤੋਂ ਇਹ ਪੁੱਛਿਆ ਗਿਆ ਕਿ ਮੋਦੀ ਦੀ ਮਕਬੂਲੀਅਤ ਨਿਘਾਰ ’ਤੇ ਹੈ ਕਿਉਂਕਿ ਕੁਝ ਮੀਡੀਆ ਰਿਪੋਰਟਾਂ ’ਚ ਆਖਿਆ ਜਾ ਰਿਹਾ ਹੈ ਕਿ ਆਰਐੱਸਐੱਸ ਵਿਧਾਨ ਸਭਾ ਚੋਣਾਂ ’ਚ ਸਥਾਨਕ ਆਗੂਆਂ ਨੂੰ ਹੀ ਤਰਜੀਹ ਦੇਣ ਬਾਰੇ ਵਿਚਾਰ ਕਰ ਰਿਹਾ ਹੈ। ਸ੍ਰੀ ਰਾਊਤ ਨੇ ਕਿਹਾ ਕਿ ਉਹ ਮੀਡੀਆ ਰਿਪੋਰਟਾਂ ਬਾਰੇ ਟਿੱਪਣੀ ਨਹੀਂ ਕਰਨਾ ਚਾਹੁੰਦੇ ਹਨ ਪਰ ਭਾਜਪਾ ਪਿਛਲੇ ਸੱਤ ਸਾਲਾਂ ਤੋਂ ਆਪਣੀ ਸਫ਼ਲਤਾ ਦਾ ਸਿਹਰਾ ਨਰਿੰਦਰ ਮੋਦੀ ਨੂੰ ਦਿੰਦੀ ਆ ਰਹੀ ਹੈ। ਜਲਗਾਉਂ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਕਿਸੇ ਖਾਸ ਪਾਰਟੀ ਦਾ ਨਹੀਂ ਸਗੋਂ ਪੂਰੇ ਮੁਲਕ ਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਚੋਣ ਪ੍ਰਚਾਰ ਨਹੀਂ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਸਰਕਾਰੀ ਮਸ਼ੀਨਰੀ ’ਤੇ ਦਬਾਅ ਪੈਂਦਾ ਹੈ। -ਪੀਟੀਆਈ