ਚੰਡੀਗੜ੍ਹ (ਟਨਸ): ਕਾਂਗਰਸ ਦੇ ਪੰਜ ਸੰਸਦ ਮੈਂਬਰਾਂ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਅਗਵਾਈ ਵਿੱਚ ਭਰੋਸਾ ਜ਼ਾਹਿਰ ਕੀਤਾ ਹੈ। ਸੰਸਦ ਮੈਂਬਰ ਪ੍ਰਨੀਤ ਕੌਰ, ਜਸਬੀਰ ਸਿੰਘ ਗਿੱਲ, ਚੌਧਰੀ ਸੰਤੋਖ ਸਿੰਘ, ਡਾ. ਅਮਰ ਸਿੰਘ ਅਤੇ ਮੁਹੰਮਦ ਸਦੀਕ ਨੇ ਅੱਜ ਅਗਲੀਆਂ ਚੋਣਾਂ ਦੀ ਰਣਨੀਤੀ ਲਈ ਮੁੱਖ ਮੰਤਰੀ ਨਾਲ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਮੁਲਾਕਾਤ ਕੀਤੀ। ਇਨ੍ਹਾਂ ਸੰਸਦ ਮੈਂਬਰਾਂ ਨੇ ਬਿਆਨ ਰਾਹੀਂ ਕਿਹਾ ਕਿ ਪੰਜਾਬ ਦੇ ਲੋਕ ਇੱਕ ਹੋਰ ਕਾਰਜਕਾਲ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਹਨ। ਸੰਸਦ ਮੈਂਬਰਾਂ ਨੇ ਕਿਹਾ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਕਾਂਗਰਸ ਇਕਜੁਟ ਹੋ ਕੇ ਲੜੇਗੀ ਅਤੇ ਪੰਜਾਬੀ ਇੱਕ ਵਾਰ ਫਿਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਤੇ ਮੋਹਰ ਲਾਉਣਗੇ। ਅਗਲੀਆਂ ਚੋਣਾਂ ਵਿਚ ਕਾਂਗਰਸ ਨੂੰ ਕੋਈ ਚੁਣੌਤੀ ਨਹੀਂ ਹੈ ਅਤੇ ਅਗਲੀ ਚੋਣ ਵਿਚ ਕਾਂਗਰਸ ਜਿੱਤ ਹਾਸਲ ਕਰੇਗੀ।