ਵਾਸ਼ਿੰਗਟਨ, 9 ਜੂਨ
ਭਾਰਤੀ ਮੂਲ ਦੀ ਅਮਰੀਕੀ ਵਿਦਿਆਰਥਣ ਨੂੰ ਵਾਤਾਵਰਨ ਅਨੁਕੂਲ ਝੱਗ ਵਿਕਸਤ ਕਰਨ ਸਬੰਧੀ ਪ੍ਰਾਜੈਕਟ ਲਈ ਵੱਕਾਰੀ ਪੁਰਸਕਾਰ ਦਿੱਤਾ ਗਿਆ ਹੈ। ਉਸ ਦਾ ਇਹ ਪ੍ਰਾਜੈਕਟ 1984 ਦੀ ਭੋਪਾਲ ਗੈਸ ਤ੍ਰਾਸਦੀ ਦੇ ਪ੍ਰਭਾਵ ਤੋਂ ਪ੍ਰੇਰਿਤ ਸੀ। ਵਰਚੁਅਲ ਰੀਜਨਰੌਨ ਇੰਟਰਨੈਸ਼ਨਲ ਸਾਇੰਸ ਐਂਡ ਇੰਜਨੀਅਰਿੰਗ ਫੇਅਰ (ਆਈਐੱਸਈਐੱਫ) ਦੌਰਾਨ ਟੈਕਸਾਸ ਹਾਈ ਸਕੂਲ ਦੀ ਵਿਦਿਆਰਥਣ ਸੋਹੀ ਸੰਜੇ ਪਟੇਲ ਨੂੰ ਪੈਟ੍ਰਿਕ ਐੱਚ ਹਰਡ ਸਥਿਰਤਾ ਪੁਰਸਕਾਰ-2021 ਦਾ ਜੇਤੂ ਐਲਾਨਿਆ ਗਿਆ। ਅਮਰੀਕਾ ਦੀ ਵਾਤਾਵਰਨ ਸੁਰੱਖਿਆ ਏਜੰਸੀ ਈਪੀਏ ਨੇ ਉਸ ਨੂੰ ਇਹ ਪੁਰਸਕਾਰ ਦਿੱਤਾ ਹੈ। ਏਜੰਸੀ ਨੇ ਕਿਹਾ ਕਿ ਉਸ ਦੇ ਪ੍ਰਾਜੈਕਟ ਰਾਹੀਂ ਤਿਆਰੀ ਕੀਤੀ ਝੱਗ ਨਾਲ ਘਰਾਂ ਅਤੇ ਹੋਰ ਥਾਵਾਂ ਦੀ ਸੁਰੱਖਿਆ ਕੀਤੀ ਜਾ ਸਕਦੀ ਹੈ। ਉਨ੍ਹਾਂ ਬਿਆਨ ਵਿੱਚ ਕਿਹਾ ਕਿ ਪਟੇਲ ਦਾ ਪ੍ਰਾਜੈਕਟ ਭਾਰਤ ਵਿੱਚ 1984 ਵਿੱਚ ਵਾਪਰੀ ਭੋਪਾਲ ਗੈਸ ਤ੍ਰਾਸਦੀ ਦੇ ਪ੍ਰਭਾਵ ਤੋਂ ਪ੍ਰੇਰਿਤ ਹੈ। ਉਸ ਸਮੇਂ ਇੱਕ ਨਦੀਨਨਾਸ਼ਕ ਪਲਾਂਟ ਤੋਂ 40 ਟਨ ਤੋਂ ਵੱਧ ਮਿਥਾਈਲ ਗੈਸ ਲੀਕ ਹੋ ਗਈ ਸੀ। -ਪੀਟੀਆਈ