ਰਤਨ ਸਿੰਘ ਢਿੱਲੋਂ
ਅੰਬਾਲਾ, 9 ਜੂਨ
ਐੱਸਟੀਐੱਫ ਟੀਮ ਅੰਬਾਲਾ ਨੇ ਅੰਬਾਲਾ-ਕੈਥਲ ਰੋਡ ’ਤੇ ਘੁੰਗਟ ਪੈਲੇਸ ਦੇ ਹਾਲ ਵਿਚ ਆਨ ਲਾਈਨ ਫਰਾਡ ਕਰਨ ਲਈ ਚਲਾਏ ਜਾ ਰਹੇ ਕਾਲ ਸੈਂਟਰ ਵਿਚ ਰਾਤ ਨੂੰ ਛਾਪਾ ਮਾਰ ਕੇ ਚਿੰਤਨ, ਕੁਣਾਲ, ਲਕਸ਼ਮੇਂਦਰ, ਸੁਮਿਤ ਚੌਹਾਨ, ਆਯਾਨ, ਰਿਸ਼ੀ, ਫਿੰਟਨ, ਪ੍ਰਮੋਦ ਅਤੇ ਏਜੇਓ ਕੁੱਲ 9 ਮੁਲਜ਼ਮਾਂ ਨੂੰ 10 ਲੈਪਟਾਪ, 200 ਕੰਪਿਊਟਰ ਸਿਸਟਮ, ਢਾਈ ਲੱਖ ਦੇ ਕਰੰਸੀ ਨੋਟ, 11 ਮੋਬਾਈਲ ਫੋਨ, 01 ਇੰਟਰਨੈਟ ਸਰਵਰ ਅਤੇ ਕਾਗਜ਼ਾਤ ਸਮੇਤ ਗ੍ਰਿਫ਼ਤਾਰ ਕੀਤਾ ਹੈ। ਛਾਪੇ ਦੌਰਾਨ ਇਸ ਫ਼ਰਜ਼ੀ ਕਾਲ ਸੈਂਟਰ ਵਿਚ ਕੰਮ ਕਰਨ ਵਾਲੀਆਂ 23 ਲੜਕੀਆਂ ਅਤੇ 90 ਲੜਕਿਆਂ ਨੂੰ ਵੀ ਫੜਿਆ ਗਿਆ ਜੋ ਗੁਜਰਾਤ ਅਤੇ ਨੇਪਾਲ ਨਾਲ ਸਬੰਧਿਤ ਹਨ ਅਤੇ ਬਾਅਦ ਵਿਚ ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਇਹ ਲੋਕ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਕੰਮ ਕਰਦੇ ਸਨ। ਪੁੱਛਗਿੱਛ ਕਰਨ ’ਤੇ ਪਤਾ ਲੱਗਾ ਕਿ ਉਹ ਕੰਪਿਊਟਰ/ਲੈਪਟਾਪ/ਫੋਨ ਨੂੰ ਹੈਂਗ ਕਰਕੇ ਕੋਈ ਵਾਇਰਸ ਘੁਸਾ ਦਿੰਦੇ ਸਨ ਅਤੇ ਐਮਜ਼ੋਨ ਅਧਿਕਾਰੀ ਬਣ ਕੇ ਉਨ੍ਹਾਂ ਵਿਅਕਤੀਆਂ ਨੂੰ ਡਰਾ ਧਮਕਾ ਕੇ ਆਨ-ਲਾਈਨ ਠੱਗੀਆਂ ਮਾਰਦੇ ਸਨ। ਇਸ ਕੰਮ ਲਈ 10 ਲੈਪਟਾਪ, ਕਰੀਬ 200 ਕੰਪਿਊਟਰ ਸਿਸਟਮ ਅਤੇ ਇਕ ਵੱਡੇ ਇੰਟਰਨੈਟ ਸਰਵਰ ਦੀ ਵਰਤੋਂ ਕਰ ਕੇ ਫ਼ਰਜ਼ੀ ਕਾਲ ਸੈਂਟਰ ਚਲਾ ਰਹੇ ਸਨ। ਮੁਲਜ਼ਮ ਕੋਈ ਫ਼ਰਜ਼ੀ ਕੰਪਨੀ ਬਣਾ ਕੇ ਉਸ ਦੀ ਆੜ ਵਿਚ ਬਹੁਤ ਸਾਰੇ ਲੋਕਾਂ ਨਾਲ ਧੋਖਾਧੜੀ ਕਰਕੇ ਪੈਸੇ ਠੱਗੇ ਹਨ।