ਨਵੀਂ ਦਿੱਲੀ, 10 ਜੂਨ
ਕਰੋਨਾਵਾਇਰਸ ਮਹਾਮਾਰੀ ਕਾਰਨ ਲੱਗੀਆਂ ਪਾਬੰਦੀਆਂ ਦੇ ਬਾਵਜੂਦ ਭਾਰਤ ਦੀ ਖੇਤੀ ਵਸਤਾਂ ਬਰਾਮਦ (ਸਮੁੰਦਰੀ ਤੇ ਪੌਦਿਆਂ ਸਬੰਧੀ ਉਤਪਾਦਾਂ ਸਮੇਤ) ਦਰ ਵਿੱਚ 2020-21 ’ਚ 17.34 ਫ਼ੀਸਦ ਵਾਧਾ ਦਰਜ ਕੀਤਾ ਗਿਆ ਹੈ। 17.34 ਫ਼ੀਸਦ ਦੇ ਇਸ ਵਾਧੇ ਨਾਲ ਭਾਰਤ ਦੀ ਖੇਤੀਬਾੜੀ ਬਰਾਮਦ 41.25 ਅਰਬ ਡਾਲਰ ਤੱਕ ਪਹੁੰਚ ਗਈ ਹੈ। ਇਹ ਜਾਣਕਾਰੀ ਅੱਜ ਵਣਜ ਮੰਤਰਾਲੇ ਦੇ ਇਕ ਚੋਟੀ ਦੇ ਅਧਿਕਾਰੀ ਨੇ ਦਿੱਤੀ।
ਮੀਡੀਆ ਨਾਲ ਗੱਲਬਾਤ ਦੌਰਾਨ ਵਣਜ ਸਕੱਤਰ ਅਨੂਪ ਵਧਾਵਨ ਨੇ ਕਿਹਾ ਕਿ ਵਿੱਤੀ ਵਰ੍ਹੇ 2020-21 ਵਿਚ ਖੇਤੀ ਵਸਤਾਂ ਬਰਾਮਦ ਦੀ ਵਿਕਾਸ ਦਰ ਬਹੁਤ ਵਧੀਆ ਦਰਜ ਕੀਤੀ ਗਈ ਹੈ। ਇਸ ਤੋਂ ਪਹਿਲਾਂ ਪਿਛਲੇ ਤਿੰਨ ਸਾਲ ਇਹ ਦਰ ਸਥਿਰ ਸੀ। ਸਾਲ 2017-18 ਵਿਚ 38.43 ਅਰਬ ਅਮਰੀਕੀ ਡਾਲਰ ਦੀ ਖੇਤੀ ਵਸਤਾਂ ਬਰਾਮਦ ਹੋਈਆਂ, ਸਾਲ 2018-19 ’ਚ 38.74 ਅਰਬ ਅਮਰੀਕੀ ਡਾਲਰ ਦੀ ਖੇਤੀ ਵਸਤਾਂ ਬਰਾਮਦ ਹੋਈਆਂ ਅਤੇ ਸਾਲ 2019-20 ਵਿਚ 35.16 ਅਰਬ ਡਾਲਰ ਦੀਆਂ ਖੇਤੀ ਵਸਤਾਂ ਬਰਾਮਦ ਹੋਈਆਂ ਸਨ। ਰੁਪਿਆਂ ਵਜੋਂ ਦੇਖਿਆ ਜਾਵੇ ਤਾਂ ਸਾਲ 2020-21 ਵਿਚ ਖੇਤੀ ਵਸਤਾਂ ਬਰਾਮਦ ’ਚ 22.62 ਫ਼ੀਸਦ ਵਾਧਾ ਹੋਇਆ ਜੋ ਕਿ 3.05 ਲੱਖ ਕਰੋੜ ਰੁਪਏ ਹੈ। ਸਾਲ 2019-20 ਵਿੱਚ ਇਹ 2.49 ਲੱਖ ਕਰੋੜ ਰੁਪਏ ਸੀ।
ਸਾਲ 2019-20 ਵਿਚ ਭਾਰਤੀ ਖੇਤੀ ਵਸਤਾਂ ਤੇ ਹੋਰ ਸਬੰਧਤ ਉਤਪਾਦਾਂ ਦੀ ਦਰਾਮਦ 20.64 ਅਰਬ ਅਮਰੀਕੀ ਡਾਲਰ ਸੀ ਜਦਕਿ ਸਾਲ 2020-21 ਵਿਚ ਕੋਵਿਡ-19 ਸਬੰਧੀ ਦਿੱਕਤਾਂ ਦੇ ਬਾਵਜੂਦ ਇਹ 20.67 ਅਰਬ ਅਮਰੀਕੀ ਡਾਲਰ ਰਹੀ। ਖੇਤੀ ਵਿੱਚ ਕਾਰੋਬਾਰੀ ਸੰਤੁਲਨ ’ਚ 42.16 ਫ਼ੀਸਦ ਸੁਧਾਰ ਆਇਆ ਹੈ। ਪਿਛਲੀ ਵਾਰ ਇਹ 14.51 ਅਰਬ ਅਮਰੀਕੀ ਡਾਲਰ ਸੀ ਜੋ ਕਿ ਸੁਧਰ ਕੇ 20.58 ਅਰਬ ਅਮਰੀਕੀ ਡਾਲਰ ਹੋ ਗਿਆ ਹੈ।
ਭਾਰਤੀ ਖੇਤੀ ਵਸਤਾਂ ਲਈ ਸਭ ਤੋਂ ਵੱਡੇ ਬਾਜ਼ਾਰ ਅਮਰੀਕਾ, ਚੀਨ, ਬੰਗਲਾਦੇਸ਼, ਸੰਯੁਕਤ ਅਰਬ ਅਮੀਰਾਤ, ਵੀਅਤਨਾਮ, ਸਾਊਦੀ ਅਰਬ, ਇੰਡੋਨੇਸ਼ੀਆ, ਨੇਪਾਲ, ਇਰਾਨ ਤੇ ਮਲੇਸ਼ੀਆ ਹਨ। ਇੰਡੋਨੇਸ਼ੀਆ ਨੂੰ ਬਰਾਮਦ ਵਿੱਚ ਸਭ ਤੋਂ ਵੱਧ 102.42 ਫ਼ੀਸਦ ਵਾਧਾ ਦਰਜ ਕੀਤਾ ਗਿਆ ਹੈ। ਚੇਤੇ ਰਹੇ ਕਿ ਕੇਂਦਰ ਸਰਕਾਰ ਨੇ ਲੰਘੇ ਦਿਨ ਸਾਉਣੀ ਦੀਆਂ 14 ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦਾ ਐਲਾਨ ਕੀਤਾ ਸੀ। -ਆਈਏਐੱਨਐੱਸ
ਦਾਲਾਂ ਤੇ ਗੈਰ-ਬਾਸਮਤੀ ਚੌਲਾਂ ਦੀ ਬਰਾਮਦ ਵਿਚ ਹੋਇਆ ਭਾਰੀ ਵਾਧਾ
ਦਾਲਾਂ ਦੇ ਨਾਲ ਗੈਰ-ਬਾਸਮਤੀ ਚੌਲਾਂ ਦੀ ਬਰਾਮਦ 136.04 ਫ਼ੀਸਦ ਦੇ ਭਾਰੀ ਵਾਧੇ ਨਾਲ 4794.54 ਮਿਲੀਅਨ ਅਮਰੀਕੀ ਡਾਲਰ, ਕਣਕ 774.17 ਫ਼ੀਸਦ ਨਾਲ 549.16 ਮਿਲੀਅਨ ਅਮਰੀਕੀ ਡਾਲਰ ਅਤੇ ਹੋਰ ਮੋਟੇ ਅਨਾਜ (ਬਾਜਰਾ, ਮੱਕੀ ਆਦਿ) ਦੀ ਬਰਾਮਦ 238.28 ਫ਼ੀਸਦ ਨਾਲ 694.14 ਮਿਲੀਅਨ ਅਮਰੀਕੀ ਡਾਲਰ ਤੱਕ ਪਹੁੰਚੀ ਹੈ। ਇਸ ਤੋਂ ਇਲਾਵਾ ਹੋਰ ਖੇਤੀ ਵਸਤਾਂ ਜਿਨ੍ਹਾਂ ਦੀ ਬਰਾਮਦ ਵਿਚ 2019-20 ਦੇ ਮੁਕਾਬਲੇ ਚੰਗਾ ਵਾਧਾ ਦਰਜ ਹੋਇਆ ਹੈ ਉਹ ਹਨ ਤੇਲ ਵਾਲੀਆਂ ਫ਼ਸਲਾਂ (90.28 ਫ਼ੀਸਦ ਵਾਧੇ ਨਾਲ 1575.34 ਮਿਲੀਅਨ ਅਮਰੀਕੀ ਡਾਲਰ), ਖੰਡ (41.88 ਫ਼ੀਸਦ ਵਾਧੇ ਨਾਲ 2789.97 ਮਿਲੀਅਨ ਅਮਰੀਕੀ ਡਾਲਰ), ਕੱਚਾ ਨਰਮਾ (79.43 ਫ਼ੀਸਦ ਵਾਧੇ ਨਾਲ 1897.20 ਮਿਲੀਅਨ ਅਮਰੀਕੀ ਡਾਲਰ), ਤਾਜ਼ੀ ਸਬਜ਼ੀਆਂ (10.71 ਫ਼ੀਸਦ ਵਾਧੇ ਨਾਲ 721.47 ਮਿਲੀਅਨ ਅਮਰੀਕੀ ਡਾਲਰ) ਅਤੇ ਸਬਜ਼ੀਆਂ ਵਾਲੇ ਤੇਲ (254.39 ਫ਼ੀਸਦ ਵਾਧੇ ਨਾਲ 602.77 ਮਿਲੀਅਨ ਅਮਰੀਕੀ ਡਾਲਰ) ਤੱਕ ਪਹੁੰਚੇ ਹਨ।