ਰਾਮੱਲਾ (ਪੱਛਮੀ ਕੰਢਾ), 10 ਜੂਨ
ਫਲਸਤੀਨ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਇਜ਼ਰਾਈਲ ਦੇ ਕਬਜ਼ੇ ਵਾਲੇ ਪੱਛਮੀ ਕੰਢੇ ਵਿੱਚ ਅੱਜ ਤੜਕੇ ਜੈਨਿਨ ਕਸਬੇ ਵਿੱਚ ਹੋਏ ਮੁਕਾਬਲਿਆਂ ਵਿੱਚ ਇਜ਼ਰਾਇਲੀ ਬਲਾਂ ਨੇ ਦੋ ਸੁਰੱਖਿਆ ਅਧਿਕਾਰੀਆਂ ਨੂੰ ਮਾਰ ਦਿੱਤਾ। ਆਨਲਾਈਨ ਵੀਡੀਓ ਵਿੱਚ ਫਲਸਤੀਨੀ ਅਧਿਕਾਰੀ ਇੱਕ ਗੱਡੀ ਦੀ ਓਟ ਲੈਂਦੇ ਵਿਖਾਈ ਦੇ ਰਹੇ ਹਨ ਤੇ ਪਿੱਛੇ ਗੋਲੀ ਚੱਲਣ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਹਨ। ਇਨ੍ਹਾਂ ਵਿੱਚੋਂ ਇੱਕ ਅਧਿਕਾਰੀ ਆਖਦਾ ਵਿਖਾਈ ਦੇ ਰਿਹਾ ਹੈ ਕਿ ਉਹ ਇਜ਼ਰਾਇਲੀ ‘ਅੰਡਰਕਵਰ’ ਸੁਰੱਖਿਆ ਬਲਾਂ ਨਾਲ ਗੋਲੀਬਾਰੀ ਕਰ ਰਹੇ ਹਨ। ਮੰਤਰਾਲੇ ਨੇ ਦੱਸਿਆ ਕਿ ਇਸ ਗੋਲੀਬਾਰੀ ਵਿੱਚ ਇੱਕ ਤੀਜਾ ਫਲਸਤੀਨੀ ਗੰਭੀਰ ਜ਼ਖ਼ਮੀ ਹੋ ਗਿਆ। ਇਜ਼ਰਾਇਲੀ ਫ਼ੌਜ ਵੱਲੋਂ ਅਜੇ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ। ਸਥਾਨਕ ਮੀਡੀਆ ’ਤੇ ਵਿਖਾਏ ਜਾ ਰਹੇ ਇੱਕ ਪੋਸਟਰ ਵਿੱਚ ਦੋ ਮ੍ਰਿਤਕਾਂ ਦੀ ਪਛਾਣ ਫਲਸਤੀਨੀ ਅਥਾਰਟੀ ਦੇ ਫ਼ੌਜੀ ਖੁਫ਼ੀਆ ਬਲ ਦੇ ਮੈਂਬਰਾਂ ਵਜੋਂ ਹੋਈ ਹੈ। -ਏਪੀ