ਨਵੀਂ ਦਿੱਲੀ, 11 ਜੂਨ
ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਕਿਹਾ ਕਿ ਭਾਰਤ ਵਿੱਚ ਕੋਵਿਡ-19 ਦੇ ਫੈਲਾਅ ਦੀ ਸ਼ਿੱਦਤ ਦੀ ਸਮੀਖਿਆ ਲਈ ਭਾਰਤੀ ਮੈਡੀਕਲ ਖੋਜ ਕੌਂਸਲ (ਆਈਸੀਐੱਮਆਰ) ਵੱਲੋਂ ਚੌਥੇ ਗੇੜ ਦਾ ਕੌਮੀ ਪੱਧਰ ਦਾ ਸੀਰੋ ਸਰਵੇ ਇਸ ਮਹੀਨੇ ਸ਼ੁਰੂ ਹੋ ਜਾਵੇਗਾ। ਮੰਤਰਾਲੇ ਨੇ ਕਿਹਾ ਕਿ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਹ ਸਰਵੇ ਕਰਵਾਉਣ ਲਈ ਹੱਲਾਸ਼ੇਰੀ ਦਿੱਤੀ ਜਾਵੇਗੀ, ਤਾਂ ਕਿ ਸਾਰੇ ਭੂਗੋਲਿਕ ਖੇਤਰਾਂ ’ਚ ਜਾਣਕਾਰੀ ਇਕੱਤਰ ਕੀਤੀ ਜਾ ਸਕੇ। ਨੀਤੀ ਆਯੋਗ ਦੇ ਮੈਂਬਰ (ਸਿਹਤ) ਵੀ.ਕੇ.ਪੌਲ ਨੇ ਕਿਹਾ ਕਿ ਰੋਜ਼ਾਨਾ ਰਿਪੋਰਟ ਹੁੰਦੇ ਕੇਸਾਂ ਦਾ ਅੰਕੜਾ ਘਟਣ ਤੇ ਪਾਜ਼ੇਟਿਵਿਟੀ ਦਰ ਦੇ ਘੱਟ ਕੇ 5 ਫੀਸਦ ਰਹਿਣ ਨਾਲ ਦੇਸ਼ ਵਿੱਚ ਕੋਵਿਡ ਹਾਲਾਤ ਹੌਲੀ ਹੌਲੀ ਸਥਿਰ ਹੋਣ ਲੱਗੇ ਹਨ। ਪੌਲ ਨੇ ਹਾਲਾਂਕਿ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਤੋਂ ਬਚਾਅ ਲਈ ਜਾਰੀ ਦਿਸ਼ਾ ਨਿਰਦੇਸ਼ਾਂ ਤੇ ਸਮਾਜਿਕ ਦੂਰੀ ਨੇਮਾਂ ਦੀ ਪਾਲਣਾ ਨੂੰ ਪਹਿਲਾਂ ਵਾਂਗ ਜਾਰੀ ਰੱਖਣ। -ਪੀਟੀਆਈ