ਬੈਂਕਾਕ: ਫ਼ੌਜ ਦੀ ਸੱਤਾ ਵਾਲੇ ਮਿਆਂਮਾਰ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਕਮਿਸ਼ਨ ਨੇ ਕਿਹਾ ਹੈ ਕਿ ਸੱਤਾ ਤੋਂ ਲਾਂਭੇ ਕੀਤੀ ਗਈ ਆਗੂ ਆਂਗ ਸਾਂ ਸੂ ਕੀ ਨੇ ਰੀਅਲ ਅਸਟੇਟ ਸਮਝੌਤਿਆਂ ਵਿੱਚ ਲਾਭ ਲਈ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਤੇ ਰਿਸ਼ਵਤ ਲਈ। ਇਹ ਜਾਣਕਾਰੀ ਸਰਕਾਰ ਦੇ ਕੰਟਰੋਲ ਵਾਲੇ ਮੀਡੀਆ ਨੇ ਦਿੱਤੀ। ਸੂ ਕੀ ਦੇ ਵਕੀਲਾਂ ਨੇ ਪਹਿਲਾਂ ਹੀ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਸੀ ਜਦੋਂ ਫ਼ੌਜੀ ਸਰਕਾਰ ਨੇ ਪਹਿਲੀ ਵਾਰ ਤਿੰਨ ਮਹੀਨੇ ਪਹਿਲਾਂ ਇਹ ਮੁੱਦਾ ਚੁੱਕਿਆ ਸੀ। ਫ਼ੌਜ ਨੇ ਲੋਕਤੰਤਰੀ ਢੰਗ ਨਾਲ ਚੁਣੀ ਸਰਕਾਰ ਦਾ ਫਰਵਰੀ ਵਿੱਚ ਤਖ਼ਤ ਪਲਟ ਦਿੱਤਾ ਸੀ। ਸੂ ਕੀ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਸਾਰੇ ਦੋਸ਼ ਰਾਜਨੀਤੀ ਤੋਂ ਪ੍ਰੇਰਿਤ ਹਨ ਤੇ ਇਹ ਉਨ੍ਹਾਂ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹੈ। ਸਰਕਾਰੀ ਟੈਲੀਵਿਜ਼ਨ ਤੇ ਹੋਰ ਮੀਡੀਆ ਵੱਲੋਂ ਜਾਰੀ ਖ਼ਬਰਾਂ ਮੁਤਾਬਕ ਸੂ ਕੀ ’ਤੇ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ ਦੀ ਧਾਰਾ 55 ਤਹਿਤ ਦੋਸ਼ ਲਾਏ ਗਏ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੂੰ ਵੱਧ ਤੋਂ ਵੱਧ 15 ਸਾਲ ਦੀ ਸਜ਼ਾ ਹੋ ਸਕਦੀ ਹੈ। -ਏਪੀ