ਫ਼ਿਰੋਜ਼ਪੁਰ : ਜ਼ੀਰਾ ਰੋਡ’ਤੇ ਸਥਿਤ ਪਿੰਡ ਨਿਹਾਲਾ ਲਵੇਰਾ ਵਿੱਚ ਬਿਜਲੀ ਸਪਲਾਈ ਠੀਕ ਕਰਨ ਵਾਸਤੇ ਟਰਾਂਸਫ਼ਾਰਮਰ ਤੇ ਚੜ੍ਹਿਆ ਬਿਜਲੀ ਮਹਿਕਮੇ ਦਾ ਇੱਕ ਕੱਚਾ ਮੁਲਾਜ਼ਮ ਕਰੰਟ ਲੱਗਣ ਕਾਰਨ ਬੁਰੀ ਤਰ੍ਹਾਂ ਨਾਲ ਜਖ਼ਮੀ ਹੋ ਗਿਆ। ਕਰੰਟ ਲੱਗਣ ਤੋਂ ਬਾਅਦ ਕਰੀਬ ਇੱਕ ਘੰਟਾ ਉਹ ਬਿਜਲੀ ਦੀਆਂ ਤਾਰਾਂ ਵਿੱਚ ਹੀ ਫ਼ਸਿਆ ਰਿਹਾ। ਬਾਅਦ ਵਿੱਚ ਲੋਕਾਂ ਨੇ ਕੜੀ ਮਿਹਨਤ ਤੋਂ ਬਾਅਦ ਉਸਨੂੰ ਥੱਲੇ ਲਾਹਿਆ ਤੇ ਹਸਪਤਾਲ ਦਾਖ਼ਲ ਕਰਵਾਇਆ। ਡਾਕਟਰਾਂ ਮੁਤਾਬਿਕ ਉਸਦੀ ਹਾਲਤ ਹੁਣ ਖ਼ਤਰੇ ਤੋਂ ਬਾਹਰ ਹੈ। ਜ਼ਿਕਰਯੋਗ ਹੈ ਕਿ ਲੰਘੀ ਰਾਤ ਹਨ੍ਹੇਰੀ ਆਉਣ ਨਾਲ ਇਸ ਇਲਾਕੇ ਦੀ ਬਿਜਲੀ ਗੁੱਲ ਹੋ ਗਈ ਸੀ। ਬਿਜਲੀ ਮੁਲਾਜ਼ਮ ਬੋਹੜ ਸਿੰਘ ਅੱਜ ਸਵੇਰੇ ਮਿੱਡੂ ਵਾਲਾ ਫੀਡਰ ਤੋਂ ਪਰਮਿਟ ਲੈ ਕੇ ਨਿਹਾਲਾ ਲਵੇਰਾ ਪਿੰਡ ਵਿਚ ਬਿਜਲੀ ਸਪਲਾਈ ਠੀਕ ਕਰਨ ਵਾਸਤੇ ਹਾਈ ਵੋਲਟੇਜ ਦੀਆਂ ਤਾਰਾਂ ਵਾਲੇ ਖੰਭੇ ’ਤੇ ਚੜ੍ਹਿਆ ਸੀ ਕਿ ਅਚਾਨਕ ਕਿਸੇ ਵੱਲੋਂ ਬਿਜਲੀ ਸਪਲਾਈ ਚਾਲੂ ਕਰ ਦਿੱਤੀ ਗਈ। ਬੋਹੜ ਸਿੰਘ ਕਰੰਟ ਦੀ ਲਪੇਟ ਵਿਚ ਆ ਗਿਆ ਤੇ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਿਆ। -ਨਿੱਜੀ ਪੱਤਰ ਪ੍ਰੇਰਕ