ਕੁਵੈਤ ਸਿਟੀ, 11 ਜੂਨ
ਕੁਵੈਤ ਦੇ ਵਿਦੇਸ਼ ਮੰਤਰੀ ਸ਼ੇਖ਼ ਅਹਿਮਦ ਅਲ-ਨਾਸਿਰ ਅਲ-ਸਬਾਹ ਨੇ ਭਾਰਤ ਨਾਲ ਡੂੰਘੇ ਸਬੰਧਾਂ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਦੁਵੱਲੇ ਰਿਸ਼ਤੇ ਲਗਾਤਾਰ ਹੋਰ ਮਜ਼ਬੂਤ ਹੁੰਦੇ ਜਾ ਰਹੇ ਹਨ। ਉਨ੍ਹਾਂ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਦੋਵੇਂ ਮੁਲਕਾਂ ਦੇ ਕੂਟਨੀਤਕ ਸਬੰਧਾਂ ਨੂੰ 60 ਸਾਲ ਪੂਰੇ ਹੋ ਗੲੇ ਹਨ। ਕੁਵੈਤੀ ਵਿਦੇਸ਼ ਮੰਤਰੀ ਨੇ ਆਪਣੇ ਭਾਰਤੀ ਹਮਰੁਤਬਾ ਐੱਸ ਜੈਸ਼ੰਕਰ ਨਾਲ ਵੀਰਵਾਰ ਨੂੰ ਦੁਵੱਲੇ ਸਬੰਧਾਂ ਬਾਰੇ ਗੱਲਬਾਤ ਕੀਤੀ। ਜੈਸ਼ੰਕਰ ਨੇ ਕਿਹਾ ਕਿ ਕੁਵੈਤ ਵੱਲੋਂ ਕਰੋਨਾ ਮਹਾਮਾਰੀ ਦੌਰਾਨ ਭੇਜੀ ਗਈ ਸਹਾਇਤਾ ਦੀ ਭਾਰਤ ਸ਼ਲਾਘਾ ਕਰਦਾ ਹੈ। ਉਨ੍ਹਾਂ ਬੈਠਕ ਮਗਰੋਂ ਟਵੀਟ ਕਰਕੇ ਕਿਹਾ ਕਿ ਕੁਵੈਤ ਦੇ ਵਿਦੇਸ਼ ਮੰਤਰੀ ਨਾਲ ਉਸਾਰੂ ਵਾਰਤਾ ਹੋਈ ਹੈ ਅਤੇ ਦੋਵੇਂ ਮੁਲਕਾਂ ਨੇ ਰਵਾਇਤੀ ਦੋਸਤੀ ਨੂੰ ਹੋਰ ਅਗਾਂਹ ਲੈ ਕੇ ਜਾਣ ਦਾ ਟੀਚਾ ਮਿੱਥਿਆ ਹੈ। ਉਨ੍ਹਾਂ ਕਿਹਾ ਕਿ ਵਾਰਤਾ ਦੇ ਏਜੰਡੇ ’ਚ ਸਿਹਤ, ਭੋਜਨ, ਸਿੱਖਿਆ, ਊਰਜਾ, ਡਿਜੀਟਲ ਅਤੇ ਕਾਰੋਬਾਰੀ ਸਹਿਯੋਗ ਆਦਿ ਮੁੱਦੇ ਸਨ। ਆਪਣੇ ਟਵੀਟ ’ਚ ਉਨ੍ਹਾਂ ਕਿਹਾ ਕਿ ਸਾਂਝੇ ਕਮਿਸ਼ਨ ਦੀ ਮੀਟਿੰਗ ਕਰਕੇ ਮੁੱਦਿਆਂ ਦੀ ਸਮੀਖਿਆ ਬਾਰੇ ਸਹਿਮਤੀ ਬਣੀ ਹੈ। ਉਨ੍ਹਾਂ ਕੁਵੈਤੀ ਵਿਦੇਸ਼ ਮੰਤਰੀ ਦੇ ਖੇਤਰੀ ਮੁੱਦਿਆਂ ਨੂੰ ਲੈ ਕੇ ਦਿਖਾਈ ਗਈ ਦਿਲਚਸਪੀ ਦੀ ਸ਼ਲਾਘਾ ਵੀ ਕੀਤੀ। ਭਾਰਤ ਖਾੜੀ ਮੁਲਕਾਂ ਅਤੇ ਕੁਵੈਤ ਦੇ ਸਭ ਤੋਂ ਵੱਡੇ ਕਾਰੋਬਾਰੀ ਭਾਈਵਾਲਾਂ ’ਚੋਂ ਇਕ ਹੈ ਅਤੇ ਕੁਵੈਤ ਵੱਲੋਂ ਭਾਰਤ ਨੂੰ ਵੱਡੇ ਪੱਧਰ ’ਤੇ ਤੇਲ ਸਪਲਾਈ ਕੀਤਾ ਜਾਂਦਾ ਹੈ। -ਪੀਟੀਆਈ