ਸੁਰਜੀਤ ਜੱਸਲ
ਸੁਰਜੀਤ ਢਿੱਲੋਂ ਪੰਜਾਬੀ ਦੋਗਾਣਾ ਗਾਇਕੀ ਦਾ ਨਾਮਵਰ ਗੀਤਕਾਰ ਸੀ ਜਿਨ੍ਹਾਂ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ। ਉਨ੍ਹਾਂ ਦੇ ਲਿਖੇ ਗੀਤਾਂ ਨੂੰ ਮੁਹੰਮਦ ਸਦੀਕ, ਰਣਜੀਤ ਕੌਰ, ਕਰਤਾਰ ਰਮਲਾ, ਸੁਖਵੰਤ ਸੁੱਖੀ ਵਰਗੀਆਂ ਜੋੜੀਆਂ ਨੇ ਸਭ ਤੋਂ ਪਹਿਲਾਂ ਰਿਕਾਰਡ ਕੀਤਾ।
‘ਗੱਲ ਸੁਣ ਬੀਏ ਪਾਸ ਦਿਓਰਾ’, ‘ਸੜਦਿਆਂ ਨੂੰ ਸੜ ਜਾਣਦੇ ਦਾਣੇ ਚੱਬੀਏ ਰੁਮਾਲ ਵਿਛਾ ਕੇ’, ‘ਬੋਲੀ ਪਾ ਕੇ ਚੜ੍ਹ ਗਈ ਪੀਂਘ ’ਤੇ’ ਵਰਗੇ ਅਨੇਕਾਂ ਚਰਚਿਤ ਗੀਤਾਂ ਦੇ ਰਚੇਤਾ ਸੁਰਜੀਤ ਢਿੱਲੋਂ ਦਾ ਜਨਮ 67 ਕੁ ਸਾਲ ਪਹਿਲਾਂ ਜ਼ਿਲ੍ਹਾ ਬਠਿੰਡਾ ਦੇ ਪਿੰਡ ਪਿੱਥੋ (ਨੇੜੇ ਰਾਮਪੁਰਾ ਫੂਲ) ਵਿਖੇ ਪਿਤਾ ਸਰਬਣ ਸਿੰਘ ਤੇ ਮਾਤਾ ਪ੍ਰਸਿੰਨ ਕੌਰ ਦੇ ਘਰ ਹੋਇਆ। ਉਸ ਨੇ ਮੁੱਢਲੀ ਸਕੂਲੀ ਵਿੱਦਿਆ ਪਿੰਡ ਤੋਂ ਹੀ ਪ੍ਰਾਪਤ ਕੀਤੀ। ਗੀਤ ਲਿਖਣ ਦੀ ਚੇਟਕ ਉਸ ਨੂੰ ਵਿਆਹ-ਸਾਹਿਆਂ ਮੌਕੇ ਪਿੰਡਾਂ ’ਚ ਬਨੇਰਿਆਂ ’ਤੇ ਵੱਜਦੇ ਸਪੀਕਰ ਸੁਣਨ ਕਰਕੇ ਪਈ। ਦੂਰ ਨੇੜੇ ਪਿੰਡਾਂ ਵਿਚ ਕਿਸੇ ਗਾਉਣ ਵਾਲੇ ਦਾ ਅਖਾੜਾ ਆਉਣਾ ਤਾਂ ਉਹ ਆਪਣੇ ਕੰਮ ਧੰਦੇ ਪਹਿਲਾਂ ਹੀ ਨਿਬੇੜ ਕੇ ਤਿਆਰੀ ਖਿੱਚ ਲੈਂਦਾ। ਇੱਥੋਂ ਹੀ ਉਸ ਅੰਦਰ ਗੀਤ ਲਿਖਣ ਦੀ ਜਗਿਆਸਾ ਬਣ ਗਈ। ਇਕ ਦਿਨ ਉਹ ਰਾਮਪੁਰਿਓਂ ਗੀਤਕਾਰ ਮਾਨ ਮਰਾੜਾਂ ਵਾਲੇ ਦੇ ਗੀਤਾਂ ਦੀਆਂ ਕਿਤਾਬਾਂ ਲੈ ਲਾਇਆ ਜਿਨ੍ਹਾਂ ਨੂੰ ਪੜ੍ਹ-ਪੜ੍ਹ ਉਹ ਵੀ ਤੁਕਬੰਦੀ ਕਰਨੀ ਸਿੱਖ ਗਿਆ। ਉਸ ਨੇ ਕਈ ਗੀਤ ਲਿਖੇ ਤੇ ਹਾਣੀਆਂ ਨੂੰ ਸੁਣਾਏ। ਫੇਰ ਕੇਰਾਂ ਨਾਲ ਦੇ ਪਿੰਡ ਸਦੀਕ ਅਖਾੜਾ ਲਾਉਣ ਆਇਆ। ਉਸ ਨੇ ਆਪਣੇ ਗੀਤਾਂ ਵਾਲੀ ਕਾਪੀ ਸਦੀਕ ਨੂੰ ਵਿਖਾਈ। ਗੀਤ ਪੜ੍ਹ ਕੇ ਸਦੀਕ ਨੇ ਹੌਸਲਾ ਦਿੱਤਾ ਤੇ ਲੁਧਿਆਣਾ ਆਉਣ ਨੂੰ ਕਿਹਾ। ਸੁਰਜੀਤ ਢਿੱਲੋਂ ਆਪਣੇ ਗੀਤ ਲੈ ਕੇ ਗਿਆ ਤਾਂ ਸਦੀਕ ਨੇ ਦੋ ਗੀਤ ਪਸੰਦ ਕਰ ਲਏ ਤੇ ਹੋਰ ਗੀਤ ਲਿਖਣ ਦੇ ਵਿਸ਼ੇ ਦਿੱਤੇ। ‘ਗੱਲ ਸੁਣ ਬੀਏ ਪਾਸ ਦਿਓਰਾ’ ਤੇ ‘ਹਾਲ ਵੇ ਬਚਾਈ ਰੱਬਾ…’ ਦੋਵੇਂ ਇਕੱਠੇ ਰਿਕਾਰਡ ਹੋਣ ਮਗਰੋਂ ਉਸ ਦਾ ਹੌਸਲਾ ਵਧ ਗਿਆ। ਇਨ੍ਹਾਂ ਗੀਤਾਂ ਦੀ ਮਕਬੂਲੀਅਤ ਨਾਲ ਉਸ ਦੀ ਚਰਚਾ ਹੱਟੀ-ਭੱਠੀ ਹੋਣ ਲੱਗੀ। ਉਸ ਦੇ ਗੀਤਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਢਿੱਲੋਂ ਦੇ ਜ਼ਿਆਦਾਤਰ ਗੀਤ ਮੁਹੰਮਦ ਸਦੀਕ ਤੇ ਰਣਜੀਤ ਕੌਰ ਦੀ ਜੋੜੀ ਨੇ ਗਾਏ, ਪਰ ਇਕ ਗੀਤ ‘ਮਿੱਤਰਾਂ ਦੇ ਦਿਲ ਲੱਗਗੀ… ਲੰਘਦੀ ਹੁਲਾਰਾ ਖਾ ਕੇ’ ਕਰਤਾਰ ਰਮਲਾ ਤੇ ਸੁਖਵੰਤ ਸੁੱਖੀ ਦੀ ਆਵਾਜ਼ ’ਚ ਰਿਕਾਰਡ ਹੋਇਆ।
ਇਸ ਤੋਂ ਇਲਾਵਾ ਉਸ ਦੇ ਲਿਖੇ ਗੀਤਾਂ ਨੂੰ ਮੇਜਰ ਰਾਜਸਥਾਨੀ, ਕਰਤਾਰ ਰਮਲਾ, ਰਾਜਾ ਸਿੱਧੂ ਤੇ ਮਨਜੀਤ ਰਾਹੀ ਨੇ ਵੀ ਰਿਕਾਰਡ ਕਰਵਾਇਆ ਹੈ। ਸੁਰਜੀਤ ਦੇ ਗੀਤਾਂ ’ਚੋਂ ਪੁਰਾਣੇ ਪਿੰਡਾਂ ਵਾਲਾ ਰੰਗ ਸਾਫ਼ ਝਲਕਦਾ ਹੈ। ਜ਼ਿੰਦਗੀ ਦੇ ਕੌੜੇ ਸੱਚ ਨੂੰ ਪੇਸ਼ ਕਰਦਾ ਇਕ ਰੁਮਾਂਟਿਕ ਗੀਤ ‘ਕੋਲੇ ਦੀ ਦਲਾਲੀ ਚੰਦਰੀ…ਨੰਗ ਜੱਟ ਦੀ ਮੁਲਾਹਜ਼ੇਦਾਰੀ’ ਪਿਆਰ ਦੇ ਇਕ ਪਹਿਲੂ ਨੂੰ ਪੇਸ਼ ਕਰਦਾ ਦੋਗਾਣਾ ਹੈ। ਸੁਰਜੀਤ ਢਿੱਲੋਂ ਦਾ ਕਹਿਣਾ ਸੀ ਕਿ ਅੱਜ ਦੇ ਗੀਤਾਂ ’ਚੋਂ ਪਰਿਵਾਰਕ ਰਿਸ਼ਤੇ ਖ਼ਤਮ ਹੁੰਦੇ ਜਾ ਰਹੇ ਹਨ। ਪੁਰਾਣੇ ਗੀਤਕਾਰਾਂ ਦੇ ਗੀਤਾਂ ਦੀ ਭੰਨਤੋੜ ਕਰਕੇ ਪੁਰਾਣੀਆਂ ਤਰਜ਼ਾਂ ਨੂੰ ਹੂਬਹੂ ਗਾਇਆ ਜਾ ਰਿਹਾ ਹੈ, ਅਜਿਹਾ ਨਹੀਂ ਹੋਣਾ ਚਾਹੀਦਾ।
ਦੋਗਾਣਾ ਗਾਇਕੀ ’ਚ ਜਦੋਂ ਦੋਹਰੇ ਅਰਥਾਂ ਵਾਲੇ ਗੀਤਾਂ ਦਾ ਦੌਰ ਸੀ ਤਾਂ ਅਨੇਕਾਂ ਗਾਇਕਾਂ ਨੇ ਉਸ ਨੂੰ ‘ਚਲੰਤ’ ਲਿਖਣ ਲਈ ਕਿਹਾ, ਪਰ ਉਸ ਨੇ ਅਜਿਹਾ ਨਹੀਂ ਕੀਤਾ ਬਲਕਿ ਆਪਣੀ ਪਸੰਦ ਅਤੇ ਸੋਚ ਨੂੰ ਮੁੱਖ ਰੱਖਿਆ। ਜਿੱਥੇ ਉਹ ਪੰਜਾਬੀ ਸੰਗੀਤਕ ਭਾਈਚਾਰੇ ਨਾਲ ਚੰਗੀ ਸਾਂਝ ਰੱਖਦਾ ਸੀ, ਉੱਥੇ ਪਿੰਡ ਵਾਸੀਆਂ ਨਾਲ ਵੀ ਉਸ ਦਾ ਚੰਗਾ ਵਰਤਾਰਾ ਸੀ। ਇਕ ਨਾਮੀਂ ਸ਼ਖ਼ਸੀਅਤ ਹੋ ਕੇ ਵੀ ਉਹ ਆਮ ਲੋਕਾਂ ਵਾਲੀ ਜ਼ਿੰਦਗੀ ’ਚ ਰਹਿੰਦਾ ਸੀ। ਉਸ ਨੇ ਫੋਕੀ ਸ਼ੋਹਰਤ ਲਈ ਨਹੀਂ ਲਿਖਿਆ ਬਲਕਿ ਆਪਣੇ ਅੰਦਰਲੇ ਸ਼ੌਕ ਨੂੰ ਪੂਰਾ ਕਰਨ ਲਈ ਲਿਖਿਆ। ਉਸ ਨੇ ਗਾਇਕ ਜਾਂ ਕੰਪਨੀਆਂ ਨੂੰ ਪੱਲਿਓਂ ਕਦੇ ਪੈਸੇ ਦੇ ਕੇ ਨਹੀਂ ਰਿਕਾਰਡ ਕਰਵਾਇਆ, ਬਲਕਿ ਤਵਿਆਂ ਵਾਲੀ ਐੱਚ.ਐੱਮ.ਬੀ. ਕੰਪਨੀ ਨੇ ਉਸ ਦੇ ਰਿਕਾਰਡ ਗੀਤਾਂ ਦੇ ਹੁਣ ਤਕ ਪੈਸੇ ਦਿੱਤੇ ਹਨ। ਮੁਹੰਮਦ ਸਦੀਕ, ਰਣਜੀਤ ਕੌਰ, ਕਰਤਾਰ ਰਮਲਾ ਤੋਂ ਇਲਾਵਾ ਮੇਜਰ ਰਾਜਸਥਾਨੀ, ਰਾਜਾ ਸਿੱਧੂ, ਮਨਜੀਤ ਰਾਹੀ ਆਦਿ ਕਲਾਕਾਰਾਂ ਨੇ ਵੀ ਸੁਰਜੀਤ ਢਿੱਲੋਂ ਦੇ ਗੀਤਾਂ ਨੂੰ ਰਿਕਾਰਡ ਕਰਵਾਇਆ। ਉਹ ਕੁਝ ਸਮਾਂ ਹਾਂਗਕਾਂਗ ਵੀ ਰਿਹਾ, ਪਰ ਖੇਤਾਂ ਦੀ ਮਿੱਟੀ ਦਾ ਮੋਹ ਉਸ ਨੂੰ ਵਾਪਸ ਖਿੱਚ ਲਿਆਇਆ ਤੇ ਪਿੰਡ ਵਾਹੀ ਕਰਨ ਲੱਗਿਆ। ਉਸ ਦੇ ਗੀਤਾਂ ’ਚੋਂ ਪੇਂਡੂ ਸੱਭਿਆਚਾਰ ਦੀ ਅਸਲ ਮਹਿਕ ਆਉਂਦੀ ਹੈ। ਉਸ ਦੇ ਹਿੱਟ ਗੀਤ ਹਨ:
* ਗੱਲ ਸੁਣ ਬੀਏ ਪਾਸ ਦਿਓਰਾ
* ਹਾਲ ਵੇ ਬਚਾਈ ਰੱਬਾ
* ਚੜ੍ਹੀ ਜਵਾਨੀ ਰਹੇ ਨਾ ਗੁੱਝੀ
* ਦਾਣੇ ਚੱਬੀਏ ਰੁਮਾਲ ਵਿਛਾ ਕੇ
* ਖੂਨੀ ਧਰਤੀ ’ਤੇ ਬੋਚ-ਬੋਚ ਪੈਰ ਧਰਦੀ
(ਸਾਰੇ ਮੁਹੰਮਦ ਸਦੀਕ ਤੇ ਰਣਜੀਤ ਕੌਰ)
* ਅੰਬ ਦਾ ਬੂਟਾ (ਸਦੀਕ-ਸੁਖਜੀਤ ਕੌਰ)
* ਮਿੱਤਰਾਂ ਦੇ ਦਿਲ ਲੱਗ ਗਈ
(ਕਰਤਾਰ ਰਮਲਾ-ਸੁੱਖੀ)
* ਡਾਂਗ ਉੱਤੇ ਬੋਲੇ ਕੋਚਰੀ
(ਮੇਜਰ ਰਾਜਸਥਾਨੀ)
* ਡੁੱਬ ਜਾਣਿਆਂ ਹਿਚਕੀਆਂ ਆਈਆਂ
(ਰਾਜਾ ਸਿੱਧੂ)
* ਕੀ ਹਾਲ ਵੇ… (ਮਨਜੀਤ ਰਾਹੀ)
ਭਾਵੇਂ ਕਿ ਪੁੱਤ-ਪੋਤਿਆਂ ਵਾਲਾ ਗੀਤਕਾਰ ਸੁਰਜੀਤ ਢਿੱਲੋਂ ਇਸ ਦੁਨੀਆ ’ਤੇ ਨਹੀਂ ਰਿਹਾ, ਪਰ ਉਸ ਦੇ ਗੀਤ ਸੰਗੀਤਕ ਫ਼ਿਜ਼ਾਵਾਂ ਵਿਚ ਆਪਣੀ ਖੁਸ਼ਬੋਈ ਹਮੇਸ਼ਾਂ ਵੰਡਦੇ ਰਹਿਣਗੇ।
ਸੰਪਰਕ: 98146-07737