ਧਰਮਪਾਲ
ਸ੍ਰਿਸ਼ਟੀ ਦੀ ਫੋਨ ਤੋਂ ਦੂਰੀ
ਜ਼ੀ ਟੀਵੀ ਦਾ ਸ਼ੋਅ ‘ਹਮਾਰੀਵਾਲੀ ਗੁੱਡ ਨਿਊਜ਼’ ਅਜਿਹਾ ਪ੍ਰਾਈਮਟਾਈਮ ਡਰਾਮਾ ਹੈ ਜੋ ਆਪਣੀ ਸ਼ੁਰੂਆਤ ਤੋਂ ਹੀ ਦਰਸ਼ਕਾਂ ਵਿਚ ਦਿਲਚਸਪੀ ਪੈਦਾ ਕਰ ਰਿਹਾ ਹੈ। ਇਸ ਸ਼ੋਅ ਵਿਚ ਰੇਣੂਕਾ ਦੀ ਮੌਤ ਅਤੇ ਮੀਰਾ ਦੇ ਮੁਕੰਦ ਨਾਲ ਵਿਆਹ ਤੋਂ ਬਾਅਦ ਕਈ ਦਿਲਚਸਪ ਮੋੜ ਆ ਰਹੇ ਹਨ ਜਿਸ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਹੋ ਰਿਹਾ ਹੈ। ਜਿੱਥੇ ਇਸ ਦੌਰ ਵਿਚ ਇਹ ਸ਼ੋਅ ਦਰਸ਼ਕਾਂ ਨੂੰ ਆਪਣੇ ਨਾਲ ਜੋੜ ਕੇ ਰੱਖਣ ਵਿਚ ਕਾਮਯਾਬ ਰਿਹਾ ਹੈ, ਉੱਥੇ ਹੀ ਸ਼ੋਅ ਦੀ ਨਵਿਆ (ਸ੍ਰਿਸ਼ਟੀ ਜੈਨ) ਨੇ ਵੀ ਦੇਸ਼ ਭਰ ਦੇ ਲੋਕਾਂ ਲਈ ਇਕ ਖਾਸ ਸੰਦੇਸ਼ ਸ਼ੇਅਰ ਕੀਤਾ ਹੈ।
ਜ਼ਿਆਦਾਤਰ ਲੋਕਾਂ ਦੀ ਤਰ੍ਹਾਂ ਸ੍ਰਿਸ਼ਟੀ ਨੂੰ ਵੀ ਲੌਕਡਾਊਨ ਅਤੇ ਇਸ ਨਾਲ ਜੁੜੀਆਂ ਪਾਬੰਦੀਆਂ ਨੂੰ ਲੈ ਕੇ ਤਣਾਅ ਰਹਿੰਦਾ ਹੈ। ਇਸ ਅਭਿਨੇਤਰੀ ਨੇ ਹਾਲ ਹੀ ਵਿਚ ਕੋਵਿਡ-19 ਦਾ ਸਾਹਮਣਾ ਵੀ ਕੀਤਾ ਅਤੇ ਜਦੋਂ ਉਹ ਇਸ ਤੋਂ ਠੀਕ ਹੋ ਰਹੀ ਸੀ ਤਾਂ ਉਸ ਨੇ ਕੁਝ ਚੰਗੀਆਂ ਆਦਤਾਂ ਅਪਣਾ ਲਈਆਂ। ਉਸ ਦਾ ਮੰਨਣਾ ਹੈ ਕਿ ਸਾਰਿਆਂ ਨੂੰ ਆਪਣੀ ਰੋਜ਼ਮਰ੍ਹਾ ਜ਼ਿੰਦਗੀ ਵਿਚ ਇਨ੍ਹਾਂ ਆਦਤਾਂ ਨੂੰ ਅਪਣਾਉਣਾ ਚਾਹੀਦਾ ਹੈ।
ਸ੍ਰਿਸ਼ਟੀ ਦੱਸਦੀ ਹੈ, ”ਕੋਵਿਡ ਮਹਾਮਾਰੀ ਨੇ ਸਾਡੇ ਸਾਰਿਆਂ ‘ਤੇ ਅਸਰ ਪਾਇਆ ਹੈ। ਇਸ ਦੌਰਾਨ ਮੈਂ ਕੁਝ ਚੰਗੀਆਂ ਆਦਤਾਂ ਅਪਣਾ ਲਈਆਂ ਹਨ ਜਿਸ ਨਾਲ ਮੈਨੂੰ ਤਣਾਅ ਨਾਲ ਲੜਨ ਅਤੇ ਮਾਨਸਿਕ ਸ਼ਾਂਤੀ ਬਣਾ ਕੇ ਰੱਖਣ ਵਿਚ ਮਦਦ ਮਿਲਦੀ ਹੈ। ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਦਿਨ ਦੀ ਸ਼ੁਰੂਆਤ ਦੂਜਿਆਂ ਤੋਂ ਅਲੱਗ ਤਰ੍ਹਾਂ ਨਾਲ ਕਰਦੀ ਹਾਂ। ਜਿਵੇਂ ਹੀ ਮੈਂ ਸਵੇਰੇ ਉੱਠਦੀ ਹਾਂ, ਮੈਂ ਆਮ ਤੌਰ ‘ਤੇ ਧਿਆਨ ਕਰਦੀ ਹਾਂ ਅਤੇ ਆਪਣੇ ਫੋਨ ਜਾਂ ਕਿਸੇ ਵੀ ਗੈਜ਼ੇਟ ਤੋਂ ਇਕ ਘੰਟੇ ਤਕ ਦੂਰ ਰਹਿੰਦੀ ਹਾਂ। ਇਸ ਦੇ ਬਾਅਦ ਮੈਂ ਆਪਣੇ ਪਰਿਵਾਰ ਨਾਲ ਬਰੇਕਫਾਸਟ ਕਰਦੀ ਹਾਂ ਅਤੇ ਫਿਰ ਜਾ ਕੇ ਆਪਣੇ ਫੋਨ ਨੂੰ ਹੱਥ ਲਗਾਉਂਦੀ ਹਾਂ। ਮੈਨੂੰ ਲੱਗਦਾ ਹੈ ਕਿ ਇਸ ਨਾਲ ਮੈਨੂੰ ਸੌਂ ਕੇ ਉੱਠਣ ਦੇ ਬਾਅਦ ਤਣਾਅ ਨੂੰ ਦੂਰ ਰੱਖਣ ਵਿਚ ਮਦਦ ਮਿਲਦੀ ਹੈ। ਇਸ ਦੇ ਇਲਾਵਾ ਜਦੋਂ ਮੈਂ ਘਰ ‘ਤੇ ਹੁੰਦੀ ਹਾਂ ਅਤੇ ਮੇਰੇ ਕੋਲ ਸਮਾਂ ਹੁੰਦਾ ਹੈ ਜਾਂ ਫਿਰ ਮੈਂ ਰੁਝੇਵਿਆਂ ਭਰੇ ਦਿਨ ਤੋਂ ਬਾਅਦ ਘਰ ਪਰਤਦੀ ਹਾਂ, ਤਾਂ ਮੈਂ ਆਪਣੇ ਪਰਿਵਾਰ ਨਾਲ ਬੈਠਦੀ ਹਾਂ ਜਾਂ ਆਪਣੀ ਭੈਣ ਨਾਲ ਗੱਲਾਂ ਕਰਦੀ ਹਾਂ। ਮੈਂ ਸੈਰ ਵੀ ਕਰਦੀ ਹਾਂ। ਇਸ ਨਾਲ ਮੈਨੂੰ ਸਕਾਰਾਤਮਕ ਬਣੇ ਰਹਿਣ ਵਿਚ ਮਦਦ ਮਿਲਦੀ ਹੈ। ਮੈਂ ਆਸ ਕਰਦੀ ਹਾਂ ਕਿ ਅਸੀਂ ਸਾਰੇ ਇਕ ਚੰਗੀ ਜੀਵਨਸ਼ੈਲੀ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਵਾਂਗੇ।”
ਜਿੱਥੇ ਸ੍ਰਿਸ਼ਟੀ ਜੈਨ ਸਾਰਿਆਂ ਨੂੰ ਸਕਾਰਾਤਮਕ ਬਣੇ ਰਹਿਣ ਲਈ ਪ੍ਰੇਰਿਤ ਕਰ ਰਹੀ ਹੈ, ਉੱਥੇ ਹੀ ਉਸ ਦਾ ਔਨਸਕਰੀਨ ਕਿਰਦਾਰ ਨਵਿਆ ਅਨੇਕ ਉਲਝਣਾਂ ਦਾ ਸਾਹਮਣਾ ਕਰ ਰਿਹਾ ਹੈ, ਖਾਸ ਤੌਰ ‘ਤੇ ਰਿਤਵਿਕ ਨਾਲ ਉਸ ਦੀਆਂ ਵਧ ਰਹੀਆਂ ਨਜ਼ਦੀਕੀਆਂ ਨੂੰ ਲੈ ਕੇ।
‘ਮਹਿੰਦੀ ਹੈ ਰਚਨੇ ਵਾਲੀ’ ਨੇ ਪੂਰਾ ਕੀਤਾ ਸੈਂਕੜਾ
ਸਟਾਰ ਪਲੱਸ ਦੇ ਸ਼ੋਅ ‘ਮਹਿੰਦੀ ਹੈ ਰਚਨੇ ਵਾਲੀ’ ਨੇ 10 ਜੂਨ ਨੂੰ ਆਪਣੇ 100 ਸਫਲ ਐਪੀਸੋਡ ਪੂਰੇ ਕਰ ਲਏ ਹਨ। ਇਹ ਸ਼ੋਅ ਦੋ ਅਲੱਗ-ਅਲੱਗ ਵਿਅਕਤੀਆਂ ਪਲਵੀ ਦੇਸ਼ਮੁਖ (ਸ਼ਿਵਾਂਗੀ ਖੇਡਕਰ ਵੱਲੋਂ ਨਿਭਾਇਆ ਕਿਰਦਾਰ) ਅਤੇ ਰਾਘਵ ਰਾਓ (ਸਈ ਕੇਤਨ ਰਾਓ ਵੱਲੋਂ ਨਿਭਾਇਆ ਕਿਰਦਾਰ) ਦੀ ਕਹਾਣੀ ਨੂੰ ਪੇਸ਼ ਕਰਦਾ ਹੈ ਜੋ ਆਪਣੇ ਜੀਵਨ ਵਿਚ ਦੂਜਾ ਮੌਕਾ ਦਿੰਦੇ ਹਨ। ਇਕ ਪਾਸੇ ਜਿੱਥੇ ਸ਼ਿਵਾਂਗੀ ਅਤੇ ਸਈ ਤੇਲਗੂ ਇੰਡਸਟਰੀ ਵਿਚ ਆਪਣੇ ਅਣਗਿਣਤ ਕਿਰਦਾਰਾਂ ਲਈ ਹਰਮਨ ਪਿਆਰੇ ਹਨ, ਉੱਥੇ ਇਨ੍ਹਾਂ ਕਲਾਕਾਰਾਂ ਦਾ ਮੁੱਖ ਭੂਮਿਕਾ ਵਿਚ ਇਹ ਪਹਿਲਾ ਹਿੰਦੀ ਸ਼ੋਅ ਹੈ।
ਸ਼ੋਅ ਦੀ ਉਪਲੱਬਧੀ ਤੋਂ ਉਤਸ਼ਾਹਿਤ ਸਈ ਕੇਤਨ ਰਾਓ ਉਰਫ਼ ਰਾਘਵ ਕਹਿੰਦੇ ਹਨ, ”ਮੈਂ ‘ਮਹਿੰਦੀ ਹੈ ਰਚਨੇ ਵਾਲੀ’ ਸ਼ੋਅ ਦਾ ਹਿੱਸਾ ਬਣ ਕੇ ਖੁਦ ਨੂੰ ਖੁਸ਼ਕਿਸਮਤ ਸਮਝਦਾ ਹਾਂ। ਮੈਂ ਇਸ ਨੂੰ ਹਮੇਸ਼ਾਂ ਆਪਣੇ ਦਿਲ ਦੇ ਨਜ਼ਦੀਕ ਰੱਖਾਂਗਾ, ਇਸ ਨੇ ਟੈਲੀਵਿਜ਼ਨ ਦਰਸ਼ਕਾਂ ਨੂੰ ਮੇਰੇ ਕੰਮ ਨੂੰ ਪਛਾਣਨ ਵਿਚ ਮਦਦ ਕੀਤੀ ਹੈ। ਮੈਂ ਸ਼ੋਅ ਦੇ ਨਿਰਮਾਤਾਵਾਂ ਦਾ ਵੀ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਮੇਰੇ ਵਰਗੇ ਨਵੇਂ ਚਿਹਰੇ ਨੂੰ ਕਾਸਟ ਕੀਤਾ। ਇਹ 100 ਐਪੀਸੋਡ ਸੰਭਵ ਨਹੀਂ ਹੁੰਦੇ ਜੇਕਰ ਨਿਰਮਾਤਾ, ਕਾਸਟ, ਕਰੂ ਅਤੇ ਸਭ ਤੋਂ ਮਹੱਤਵਪੂਰਨ ਦਰਸ਼ਕ ਸਾਡਾ ਸਮਰਥਨ ਨਾ ਕਰਦੇ। ਇੰਨੇ ਘੱਟ ਸਮੇਂ ਵਿਚ ਸਾਨੂੰ ਜੋ ਪਿਆਰ ਮਿਲਿਆ ਹੈ, ਉਸ ਤੋਂ ਮੈਂ ਬਹੁਤ ਖੁਸ਼ ਹਾਂ। ਮੈਂ ਖੁਸ਼ ਹਾਂ ਕਿ ਅਸੀਂ ਲੋਕਾਂ ਦਾ ਮਨੋਰੰਜਨ ਕਰਨ ਵਿਚ ਆਪਣਾ ਯੋਗਦਾਨ ਦੇ ਰਹੇ ਹਾਂ। ਇਹ ਸਾਡੀਆਂ ਹੁਣ ਤਕ ਦੀਆਂ ਸਭ ਤੋਂ ਵੱਡੀਆਂ ਉਪਲੱਬਧੀਆਂ ਵਿਚੋਂ ਇਕ ਹੈ। ਮੈਂ ਆਉਣ ਵਾਲੇ ਦਿਨਾਂ ਨੂੰ ਲੈ ਕੇ ਬਹੁਤ ਰੁਮਾਂਚਿਤ ਹਾਂ।”
ਸ਼ੋਅ ਵਿਚ ਪਲਵੀ ਦੀ ਭੂਮਿਕਾ ਨਿਭਾਉਣ ਵਾਲੀ ਸ਼ਿਵਾਂਗੀ ਖੇਡਕਰ ਕਹਿੰਦੀ ਹੈ, ”ਮਹਿੰਦੀ ਹੈ ਰਚਨੇ ਵਾਲੀ’ ਸ਼ੋਅ ਇਕ ਸੁਪਨੇ ਦੇ ਸੱਚ ਹੋਣ ਵਰਗਾ ਸੀ। ਮਹਾਮਾਰੀ ਕਾਰਨ ਇੰਡਸਟਰੀ ਨੂੰ ਬਹੁਤ ਵੱਡਾ ਝਟਕਾ ਲੱਗਿਆ ਹੈ, ਇਸ ਲਈ ਮੈਂ ਇਸ ਮੁਸ਼ਕਿਲ ਸਮੇਂ ਵਿਚ ਅਜਿਹੇ ਵਿਲੱਖਣ ਲੋਕਾਂ ਨਾਲ ਕੰਮ ਕਰਨ ਲਈ ਖੁਦ ਨੂੰ ਖੁਸ਼ਕਿਸਮਤ ਮੰਨਦੀ ਹਾਂ। ਮੈਂ ਪਿਛਲੇ ਕੁਝ ਮਹੀਨਿਆਂ ਵਿਚ ਕਈਆਂ ਨਾਲ ਆਪਣਾ ਇਕ ਮਜ਼ਬੂਤ ਰਿਸ਼ਤਾ ਬਣਾ ਲਿਆ ਹੈ, ਕੰਮ ਕਦੇ ਕੰਮ ਵਰਗਾ ਮਹਿਸੂਸ ਨਹੀਂ ਹੋਇਆ ਕਿਉਂਕਿ ਅਸੀਂ ਸੈੱਟ ‘ਤੇ ਬਹੁਤ ਮਜ਼ਾ ਕੀਤਾ ਹੈ। ਹਾਲਾਂਕਿ ਇਸ ਵਿਚ ਬਹੁਤ ਮਿਹਨਤ ਵੀ ਲੱਗੀ ਹੈ, ਪਰ ਮੈਨੂੰ ਕਦੇ ਇਸ ਦਾ ਅਹਿਸਾਸ ਨਹੀਂ ਹੋਇਆ ਕਿ ਅਸੀਂ ਕਦੋਂ ਇੰਨੀ ਦੂਰ ਪਹੁੰਚ ਗਏ ਹਾਂ। ਮੈਂ ਆਪਣੀ ਟੀਮ ਦੀ ਸ਼ੁਕਰਗੁਜ਼ਾਰ ਹਾਂ ਜੋ ਸਾਡੀ ਸੁਰੱਖਿਆ ਨੂੰ ਯਕੀਨੀ ਕਰਨ ਲਈ ਕੰਮ ਕਰਦੇ ਹੋਏ ਇਸ ਸ਼ੋਅ ਨੂੰ ਜਾਰੀ ਰੱਖਣ ਵਿਚ ਕਾਮਯਾਬ ਹੋਏ ਹਨ। ਅਸੀਂ ਇਕ ਵੀ ਕਰੂ ਮੈਂਬਰ ਦੀ ਸਹਾਇਤਾ ਤੋਂ ਬਿਨਾਂ 100 ਐਪੀਸੋਡ ਪੂਰੇ ਨਹੀਂ ਕਰ ਸਕਦੇ ਸੀ।”
‘ਰਾਧਾਕ੍ਰਿਸ਼ਨ’ ਦੀ ਵੱਡੀ ਉਪਲੱਬਧੀ
ਸਟਾਰ ਭਾਰਤ ਦੇ ਪੌਰਾਣਿਕ ਸ਼ੋਅ ‘ਰਾਧਾਕ੍ਰਿਸ਼ਨ’ ਨੇ ਸਾਲ 2018 ਵਿਚ ਆਪਣੀ ਸ਼ੁਰੂਆਤ ਦੇ ਬਾਅਦ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਹੈ। ਪ੍ਰਸਿੱਧ ਨਿਰਮਾਤਾ ਸਿਧਾਰਥ ਕੁਮਾਰ ਤਿਵਾਰੀ ਵੱਲੋਂ ਨਿਰਮਤ ਇਸ ਸ਼ੋਅ ਵਿਚ ਪ੍ਰਤਿਭਾਸ਼ਾਲੀ ਸੁਮੇਧ ਮੁਦਗਲਕਰ ਅਤੇ ਮਲਿਕਾ ਸਿੰਘ ਮੁੱਖ ਭੂਮਿਕਾਵਾਂ ਵਿਚ ਹਨ। ਇਸ ਦੀ ਸ਼ੁਰੂਆਤ ਦੇ ਬਾਅਦ ਤੋਂ ਹੀ ਸ਼ੋਅ ਨੂੰ ਆਪਣੇ ਪ੍ਰਸੰਸਕਾਂ ਅਤੇ ਦਰਸ਼ਕਾਂ ਤੋਂ ਅਪਾਰ ਸ਼ਲਾਘਾ ਅਤੇ ਪ੍ਰਸੰਸਾ ਮਿਲੀ। ਸ਼ੋਅ ਨੇ ਰਾਧਾ ਅਤੇ ਭਗਵਾਨ ਕ੍ਰਿਸ਼ਨ ਬਾਰੇ ਕਈ ਅਗਿਆਤ ਪਹਿਲੂਆਂ ਨੂੰ ਲੋਕਾਂ ਦੇ ਅੱਗੇ ਰੱਖਿਆ। ਹਾਲ ਹੀ ਵਿਚ ਸ਼ੋਅ ਵਿਚ ਹੋਏ ਹਨੂਮਾਨ ਦੇ ਪ੍ਰਵੇਸ਼ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ। ਦਰਸ਼ਕਾਂ ਵੱਲੋਂ ਅਦਾਕਾਰ ਤਰੁਣ ਖੰਨਾ ਨੂੰ ਹਨੂਮਾਨ ਦੇ ਕਿਰਦਾਰ ਵਿਚ ਨਾ ਸਿਰਫ਼ ਸਰਾਹਿਆ ਗਿਆ ਬਲਕਿ ਇਸ ਦੀ ਪੂਰੀ ਕਹਾਣੀ ਨੂੰ ਵੀ ਪਸੰਦ ਕੀਤਾ ਗਿਆ। ਸ਼ੋਅ ਨੂੰ ਲਗਾਤਾਰ ਮਿਲ ਰਹੀ ਸਫਲਤਾ ਨਾਲ ਉਹ ਇਕ ਹੋਰ ਉਪਲੱਬਧੀ ਹਾਸਲ ਕਰਨ ਜਾ ਰਹੇ ਹਨ। ਇਸ ਮਹੀਨੇ ਇਹ ਸ਼ੋਅ ਆਪਣੇ 700 ਐਪੀਸੋਡ ਪੂਰੇ ਕਰਨ ਜਾ ਰਿਹਾ ਹੈ।
ਇਸ ਸਫਲਤਾ ਨਾਲ ਨਿਰਮਾਤਾਵਾਂ ਨੇ ਇਸ ਮੁਸ਼ਕਿਲ ਸਮੇਂ ਵਿਚ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਦਿਲਚਸਪ ਟਰੈਕ ਲਿਆਉਣ ਦਾ ਫੈਸਲਾ ਕੀਤਾ ਹੈ। ਇਸ ਤਹਿਤ ਦੇਵੀ ਅਲਕਸ਼ਮੀ ਦੀ ਕਹਾਣੀ ਨੂੰ ਦਰਸ਼ਕਾਂ ਅੱਗੇ ਪੇਸ਼ ਕੀਤਾ ਜਾਵੇਗਾ ਜੋ ਦੇਵੀ ਲਕਸ਼ਮੀ ਦੀ ਵੱਡੀ ਭੈਣ ਹੈ।
ਜਦੋਂ ਸੁਮੇਧ ਨਾਲ 700 ਐਪੀਸੋਡ ਪੂਰੇ ਹੋਣ ਦੀ ਸਫਲਤਾ ‘ਤੇ ਗੱਲ ਕੀਤੀ ਤਾਂ ਉਸ ਨੇ ਕਿਹਾ, ”ਮੈਂ ਖੁਦ ਨੂੰ ਖੁਸ਼ਕਿਸਮਤ ਮੰਨਦਾ ਹਾਂ ਕਿ ਮੈਨੂੰ ਸਟਾਰ ਭਾਰਤ ਅਤੇ ਸਿਧਾਰਥ ਦੇ ਸ਼ੋਅ ‘ਰਾਧਾਕ੍ਰਿਸ਼ਨ’ ਵਿਚ ਕ੍ਰਿਸ਼ਨ ਦੀ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ। ਮੇਰਾ ਮੰਨਣਾ ਹੈ ਕਿ ਇਹ ਇੰਡਸਟਰੀ ਦੇ ਸਾਰੇ ਪ੍ਰਸੰਸਕਾਂ, ਪਰਿਵਾਰ, ਦੋਸਤਾਂ ਅਤੇ ਸਹਿਕਰਮੀਆਂ ਦੇ ਅਪਾਰ ਸਮਰਥਨ ਅਤੇ ਆਸ਼ੀਰਵਾਦ ਦਾ ਨਤੀਜਾ ਹੈ। ਸ਼ੋਅ ਵਿਚ ਕੰਮ ਕਰ ਰਹੇ ਸਾਡੇ ਸਾਰਿਆਂ ਲਈ ਇਹ ਬਹੁਤ ਮਾਣ ਵਾਲੇ ਪਲ ਹਨ ਅਤੇ ਮੈਂ ਉਮੀਦ ਅਤੇ ਪ੍ਰਾਰਥਨਾ ਕਰਦਾ ਹਾਂ ਕਿ ਦਰਸ਼ਕ ਸਾਡਾ ਇਸੀ ਪ੍ਰਕਾਰ ਸਮਰਥਨ ਕਰਦੇ ਰਹਿਣ ਅਤੇ ਸਾਡੇ ਕੰਮ ਦੀ ਸ਼ਲਾਘਾ ਕਰਦੇ ਰਹਿਣ।”
ਮਲਿਕਾ ਸਿੰਘ ਨੇ ਕਿਹਾ, ”ਰਾਧਾਕ੍ਰਿਸ਼ਨ’ ਸ਼ੋਅ ਦਾ ਹਿੱਸਾ ਬਣ ਕੇ ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ ਅਤੇ ਸ਼ੋਅ ਦੀ ਸਮੁੱਚੀ ਸਟਾਰ ਕਾਸਟ ਅਤੇ ਨਿਰਮਾਤਾਵਾਂ ਨਾਲ ਕੰਮ ਕਰਨਾ ਨਿਸ਼ਚਤ ਰੂਪ ਨਾਲ ਇਕ ਆਸ਼ੀਰਵਾਦ ਦੀ ਤਰ੍ਹਾਂ ਹੈ। ਹਾਲਾਂਕਿ ਸਾਡੀ ਯਾਤਰਾ ਰੋਲਰ ਕੋਸਟਰ ਦੀ ਸਵਾਰੀ ਦੇ ਸਮਾਨ ਰਹੀ ਹੈ, ਸਾਡੇ ਦਰਸ਼ਕਾਂ ਅਤੇ ਪ੍ਰਸੰਸਕਾਂ ਨੇ ਹਮੇਸ਼ਾਂ ਸਾਡਾ ਸਮਰਥਨ ਕੀਤਾ ਹੈ। ਅਸੀਂ ਉਨ੍ਹਾਂ ਦੇ ਜੀਵਨ ਦਾ ਹਿੱਸਾ ਬਣਨ ਨੂੰ ਲੈ ਕੇ ਖੁਦ ਨੂੰ ਖੁਸ਼ਕਿਸਮਤ ਮਹਿਸੂਸ ਕਰਦੇ ਹਾਂ ਕਿ ਉਹ ਸਾਡਾ ਅਤੇ ਸਾਡੇ ਕੰਮ ਦਾ ਸਮਰਥਨ ਕਰਨਾ ਇਸੀ ਪ੍ਰਕਾਰ ਜਾਰੀ ਰੱਖਣ।”