ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 11 ਜੂਨ
ਕੇਂਦਰ ਦੀ ਮੋਦੀ ਸਰਕਾਰ ਵੇਲੇ ਲਗਾਤਾਰ ਵਧ ਰਹੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਰੋਸ ਵਜੋਂ ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਦੀ ਪ੍ਰਧਾਨ ਜਤਿੰਦਰ ਸੋਨੀਆ ਦੀ ਅਗਵਾਈ ਹੇਠ ਕਾਂਗਰਸੀਆਂ ਨੇ ਪੁਰਾਣੀ ਕਾਰ ਨੂੰ ਸਾੜ ਕੇ ਕੇਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ।
ਇੱਥੇ ਮਹਾ ਸਿੰਘ ਗੇਟ ਨੇੜੇ ਕੀਤੇ ਰੋਸ ਪ੍ਰਦਰਸ਼ਨ ਸਮੇਂ ਕਾਂਗਰਸੀ ਪਹਿਲਾ ਇਕ ਇਕ ਘੋੜਾ ਗੱਡੀ ’ਤੇ ਕਾਰ ਦਾ ਢਾਂਚਾ ਲੱਦ ਕੇ ਲੈ ਕੇ ਪੁੱਜੇ, ਇਸ ਘੋੜਾ ਗੱਡੀ ਦੇ ਉੱਪਰ ਜ਼ਿਲ੍ਹਾ ਪ੍ਰਧਾਨ ਜਤਿੰਦਰ ਸੋਨੀਅ ਤੇ ਹੋਰ ਕਾਂਗਰਸੀ ਸਵਾਰ ਸਨ। ਕਾਂਗਰਸੀਆ ਦੇ ਕਾਫਲੇ ਨੇ ਇਸ ਚੌਕ ਵਿੱਚ ਆ ਕੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਬਾਅਦ ਵਿੱਚ ਕਾਰ ਦੇ ਢਾਂਚੇ ਨੂੰ ਅੱਗ ਲਾ ਦਿੱਤੀ। ਜ਼ਿਲ੍ਹਾ ਪ੍ਰਧਾਨ ਸੋਨੀਆ ਨੇ ਦੋਸ਼ ਲਾਇਆ ਕਿ ਭਾਜਪਾ ਸਰਕਾਰ ਆਪਣੀਆਂ ਤਾਨਾਸ਼ਾਹੀ ਨੀਤੀਆਂ ਨਾਲ ਦੇਸ਼ ਨੂੰ ਬਰਬਾਦ ਕਰ ਰਹੀ ਹੈ। ਸੰਘੀ ਸੋਚ ਦੇਸ਼ ਦੀ ਜਨਤਾ ਨੂੰ ਗੁਮਰਾਹ ਕਰ ਰਹੀ ਹੈ ਅਤੇ ਆਪਣੀਆਂ ਰਾਜਨੀਤਿਕ ਰੋਟੀਆਂ ਸੇਕੀਆਂ ਜਾ ਰਹੀਆਂ ਹਨ। ਉਨਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਦੇਸ਼ ਵਾਸੀ ਪਿਛਲੇ 15 ਮਹੀਨਿਆਂ ਤੋਂ ਕਰੋਨਾ ਤੋਂ ਪ੍ਰੇਸ਼ਾਨ ਹਨ, ਕਾਰੋਬਾਰ ਠੱਪ ਹੋ ਚੁੱਕੇ ਹਨ, ਪੈਟਰੋਲ, ਡੀਜਲ , ਰਸੋਈ ਗੈਸ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ , ਵਧ ਰਹੀ ਮਹਿੰਗਾਈ ਅਤੇ ਬੇਰੁਜ਼ਗਾਰੀ ਕਾਰਨ ਲੋਕ ਪ੍ਰੇਸ਼ਾਨ ਹਨ। ਉਨ੍ਹਾਂ ਦੋਸ਼ ਲਾਇਆ ਕਿ ਦੇਸ਼ ਵਾਸੀਆਂ ਉੱਤੇ ਵਾਧੂ ਟੈਕਸ ਲਗਾ ਕੇ ਸਰਕਾਰ ਆਪਣਾ ਖਜ਼ਾਨਾ ਭਰ ਕੇ ਉਸ ਪੈਸੇ ਦੀ ਵਰਤੋਂ ਵਿਧਾਇਕਾਂ ਦੀ ਖਰੀਦੋ ਫਰੋਖਤ ਲਈ ਕਰ ਰਹੀ ਹੈ। ਰੋਸ ਪ੍ਰਦਰਸ਼ਨ ਵਿੱਚ ਰਾਜੀਵ ਬਾਵਾ, ਸੁਸ਼ੀਲ ਮਹਾਜਨ, ਮਹਿੰਦਰਪਾਲ ਸਿੰਘ, ਰਾਜਾ ਗੁਲਾਬ ਸਿੰਘ, ਰਵੀ ਸ਼ੰਕਰ , ਆਸ਼ੂ ਸੋਨੀ,ਸੰਨੀ ਕੁਮਾਰ, ਅਬਦੁੱਲ ਨੂਰ, ਤ੍ਰਿਪਤਾ ਕੁਮਾਰੀ, ਮੰਜੂ ਮੰਡਲ, ਵਿਵਾਨ ਖੁਰਾਣਾ ਅਤੇ ਕਾਂਤਾ ਕੁਮਾਰੀ ਆਦਿ ਹਾਜ਼ਰ ਸਨ।
ਜਲੰਧਰ (ਪਾਲ ਸਿੰਘ ਨੌਲੀ): ਪੈਟਰੋਲ ਤੇ ਡੀਜ਼ਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਵਿਰੁੱਧ ਕਾਂਗਰਸੀਆਂ ਨੇ ਕੇਂਦਰ ਸਰਕਾਰ ਵਿਰੁੱਧ ਪੈਟਰੋਲ ਪੰਪ ਦੇ ਬਾਹਰ ਬੈਠ ਕੇ ਪ੍ਰਦਰਸ਼ਨ ਕੀਤੇ। ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ, ਵਿਧਾਇਕ ਰਜਿੰਦਰ ਬੇਰੀ ਤੇ ਸੁਸ਼ੀਲ ਰਿੰਕੂ ਦੀ ਅਗਵਾਈ ਵਿੱਚ ਲਾਇਲਪੁਰ ਖਾਲਸਾ ਕਾਲਜ ਨੇੜਲੇ ਪੈਟਰੋਲ ਪੰਪ ’ਤੇ ਕੀਤੇ ਗਏ ਰੋਸ ਪ੍ਰਦਰਸ਼ਨ ਵਿੱਚ ਕਾਂਗਰਸੀਆਂ ਨੇ ਭਾਂਡੇ ਖੜਕਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਕਾਂਗਰਸੀਆਂ ਦੇ ਹੱਥਾਂ ਵਿਚ ਫੜੇ ਬੈਨਰਾਂ ’ਤੇ ‘ਬਹੁਤ ਹੋਈ ਮਹਿੰਗਾਈ ਦੀ ਮਾਰ-ਸ਼ਰਮ ਕਰੋ ਮੋਦੀ ਸਰਕਾਰ’ ਲਿਖਿਆ ਹੋਇਆ ਸੀ। ਇਸ ਬੈਨਰ ’ਤੇ ਤੇਲ ਕੀਮਤਾਂ, ਰਸੋਈ ਗੈਸ ਅਤੇ ਦਾਲਾਂ ਦੇ ਵਧ ਰਹੇ ਰੇਟਾਂ ਨੂੰ ਲੈ ਕੇ ਤਸਵੀਰਾਂ ਤੇ ਕਾਰਟੂਨ ਵੀ ਛਾਪੇ ਹੋਏ ਸਨ। ਨਾਲ ਹੀ ਬੈਨਰ ’ਤੇ ਜਿਥੇ ਇਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਸੀ ਤਾਂ ਦੂਜੇ ਪਾਸੇ ਵੱਡੇ ਕਾਰੋਬਾਰੀ ਅਡਾਨੀ ਦੀ ਤਸਵੀਰ ਵੀ ਲੱਗੀ ਹੋਈ ਸੀ। ਕਾਂਗਰਸੀ ਆਗੂਆਂ ਨੇ ਕਿਹਾ ਕਿ ਲਗਾਤਾਰ ਤੇਲ ਦੀਆਂ ਵਧ ਰਹੀਆਂ ਕੀਮਤਾਂ ਕਰਕੇ ਮਹਿੰਗਾਈ ਨੇ ਲੋਕਾਂ ਦਾ ਕਚੂਮਰ ਕੱਢ ਦਿੱਤਾ ਹੈ। ਕਾਂਗਰਸੀ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਲੈ ਕੇ ਉਹ ਲਗਾਤਾਰ ਲੋਕਾਂ ਵਿਚ ਵੀ ਜਾਣਗੇ ਤੇ ਸੜਕਾਂ ’ਤੇ ਸਰਕਾਰ ਵਿਰੁੱਧ ਪ੍ਰਦਰਸ਼ਨ ਵੀ ਕਰਨਗੇ।