ਸ਼ਗਨ ਕਟਾਰੀਆ
ਬਠਿੰਡਾ, 11 ਜੂਨ
ਕੇਂਦਰ ਸਰਕਾਰ ਵੱਲੋਂ ਤੇਲ ਕੀਮਤਾਂ ਵਿੱਚ ਲਗਾਤਾਰ ਕੀਤੇ ਜਾ ਰਹੇ ਵਾਧੇ ਖ਼ਿਲਾਫ਼ ਜ਼ਿਲ੍ਹਾ ਕਾਂਗਰਸ ਬਠਿੰਡਾ (ਸ਼ਹਿਰੀ) ਵੱਲੋਂ ਅੱਜ ਪੈਟਰੋਲ ਪੰਪਾਂ ਅੱਗੇ ਰੋਸ ਧਰਨੇ ਦਿੱਤੇ ਗਏ। ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਅਰੁਣ ਵਧਾਵਨ ਦੀ ਅਗਵਾਈ ਹੇਠ ਕੇਂਦਰ ਸਰਕਾਰ ਖ਼ਿਲਾਫ਼ ਕਾਂਗਰਸੀ ਵਰਕਰਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਸ਼ਹਿਰ ਦੀ ਬਠਿੰਡਾ-ਮਾਨਸਾ ਰੋਡ ’ਤੇ ਸਿਵਲ ਹਸਪਤਾਲ ਕੋਲ ਪੈਟਰੌਲ ਪੰਪ ’ਤੇ ਅਰੁਣ ਵਧਾਵਨ ਤੇ ਰਾਜਨ ਗਰਗ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ। ਇਸੇ ਤਰ੍ਹਾਂ ਹਨੂੰਮਾਨ ਚੌਕ ਸਥਿਤ ਪੈਟਰੋਲ ਪੰਪ ’ਤੇ ਬਲਾਕ ਕਾਂਗਰਸ ਦੇ ਪ੍ਰਧਾਨ ਬਲਜਿੰਦਰ ਠੇਕੇਦਾਰ ਤੇ ਪੰਜਾਬ ਕਾਂਗਰਸ ਦੇ ਸਕੱਤਰ ਪਵਨ ਮਾਨੀ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਨੇ ਧਰਨਾ ਦੇ ਕੇ ਰੋਸ ਜ਼ਾਹਿਰ ਕੀਤਾ। ਤਿੰਨ ਕੋਣੀ ’ਤੇ ਸਥਿਤ ਪੈਟਰੋਲ ਪੰਪ ਅੱਗੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਤੇ ਸੀਨੀਅਰ ਕਾਂਗਰਸੀ ਆਗੂ ਕੇ. ਕੇ. ਅਗਰਵਾਲ, ਨਗਰ ਨਿਗਮ ਬਠਿੰਡਾ ਦੀ ਮੇਅਰ ਰਮਨ ਗੋਇਲ, ਕਾਂਗਰਸੀ ਆਗੂ ਸੰਦੀਪ ਗੋਇਲ ਦੀ ਅਗਵਾਈ ਹੇਠ ਵਰਕਰਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਆਦਰਸ਼ ਨਗਰ ’ਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਟਹਿਲ ਸਿੰਘ ਸੰਧੂ ਦੀ ਅਗਵਾਈ ਹੇਠ ਕਾਂਗਰਸੀਆਂ ਨੇ ਪੈਟਰੋਲ ਪੰਪ ਅੱਗੇ ਕੇਂਦਰ ਸਰਕਾਰ ਦਾ ਪਿੱਟ ਸਿਆਪਾ ਕੀਤਾ। ਗੋਲ ਡਿੱਗੀ ਨੇੜੇ ਪੈਟਰੋਲ ਪੰਪ ’ਤੇ ਸੀਨੀਅਰ ਡਿਪਟੀ ਮੇਅਰ ਦੀ ਅਗਵਾਈ ਹੇਠ ਧਰਨਾ ਲਾਇਆ ਗਿਆ। ਇਸ ਮੌਕੇ ਕਾਂਗਰਸੀ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕਰ ਰਹੀ ਹੈ ਜਿਸ ਦਾ ਅਸਰ ਹਰ ਵਰਗ ਉੱਪਰ ਪੈ ਰਿਹਾ ਹੈ।
ਸਿਰਸਾ (ਨਿੱਜੀ ਪੱਤਰ ਪ੍ਰੇਰਕ) ਪੈਟਰੋਲ ਡੀਜ਼ਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਖ਼ਿਲਾਫ਼ ਕਾਂਗਰਸੀ ਕਾਰਕੁਨਾਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਹੁਸ਼ਿਆਰੀ ਲਾਲ ਸ਼ਰਮਾ ਤੇ ਡਾ. ਸੁਭਾਸ਼ ਜੋਧਪੁਰੀਆ ਨੇ ਕੀਤੀ। ਕਾਂਗਰਸੀ ਆਗੂ ਤੇ ਕਾਰਕੁਨ ਅੱਜ ਕਾਂਗਰਸ ਭਵਨ ’ਚ ਇਕੱਠੇ ਹੋਏ ਜਿਥੋਂ ਪ੍ਰਦਰਸ਼ਨ ਕਰਦੇ ਹੋਏ ਉਹ ਸ਼ਹੀਦ ਊਧਮ ਸਿੰਘ ਪਾਰਕ ਨੇੜੇ ਪੁੱਜੇ ਜਿਥੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਏਲਨਾਬਾਦ (ਪੱਤਰ ਪ੍ਰੇਰਕ) ਅੱਜ ਕਾਂਗਰਸੀ ਵਰਕਰਾਂ ਨੇ ਦੇਸ਼ ’ਚ ਦਿਨੋ-ਦਿਨ ਵਧ ਰਹੀਆਂ ਡੀਜ਼ਲ-ਪਟਰੋਲ ਦੀਆਂ ਕੀਮਤਾਂ ਦੇ ਰੋਸ ਵਜੋਂ ਪਟਰੋਲ ਪੰਪਾਂ ਅੱਗੇ ਪ੍ਰਦਰਸ਼ਨ ਕੀਤੇ। ਏਲਨਾਬਾਦ ’ਚ ਯੁਵਾ ਕਾਂਗਰਸੀ ਆਗੂਆਂ ਨੇ ਸ਼ਹਿਰ ’ਚ ਮੋਟਰਸਾਈਕਲਾਂ ਨਾਲ ਪੈਦਲ ਮਾਰਚ ਕਰ ਕੇ ਤੇ ਬਾਅਦ ’ਚ ਸਿਰਸਾ ਰੋਡ ਸਥਿਤ ਪਟਰੋਲ ਪੰਪ ਅੱਗੇ ਪ੍ਰਦਰਸ਼ਨ ਕਰਕੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕੀਤਾ।
ਅਬੋਹਰ (ਪੱਤਰ ਪ੍ਰੇਰਕ) ਤੇਲ ਕੀਮਤਾਂ ’ਚ ਨੂੰ ਲੈ ਕੇ ਅੱਜ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਪਟਰੋਲ ਪੰਪਾਂ ਅੱਗੇ ਰੋਸ ਵਿਖਾਵਾ ਕੀਤਾ। ਇਸ ਮੌਕੇ ਕਾਂਗਰਸੀ ਆਗੂ ਸੰਦੀਪ ਜਾਖੜ ਨੇ ਕਿਹਾ ਕਿ ਅੱਜ ਮਹਿੰਗਾਈ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਪਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਅਸਮਾਨ ਛੂ ਰਹੀਆਂ ਹਨ।
ਮਹਿਲ ਕਲਾਂ (ਪੱਤਰ ਪ੍ਰੇਰਕ) ਤੇਲ ਕੀਮਤਾਂ ਵਿੱਚ ਹੋ ਰਹੇ ਵਾਧੇ ਖ਼ਿਲਾਫ਼ ਕਾਂਗਰਸ ਪਾਰਟੀ ਵੱਲੋਂ ਸਾਬਕਾ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ ਦੀ ਅਗਵਾਈ ਹੇਠ ਕਾਂਗਰਸ ਬਲਾਕ ਮਹਿਲ ਕਲਾਂ ਦੇ ਵੱਖ-ਵੱਖ ਪਿੰਡਾਂ ’ਚ ਪੈਟਰੋਲ ਪੰਪਾਂ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਧਨੌਲਾ (ਪੱਤਰ ਪ੍ਰੇਰਕ) ਪੈਟਰੋਲ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਵਿਰੁੱਧ ਅੱਜ ਧਨੌਲਾ ਬੱਸ ਸਟੈਂਡ ਸਥਿਤ ਪੈਟਰੋਲ ਪੰਪ ਅੱਗੇ ਕਾਂਗਰਸ ਆਗੁਆਂ ਵੱਲੋਂ ਮੋਦੀ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੁਕਿਆ ਗਿਆ। ਇਸ ਮੌਕੇ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਸੋਢੀ ਨੇ ਆਖਿਆ ਕਿ ਲੋਕ ਡਾ ਮਨਮੋਹਨ ਸਿੰਘ ਦੀ ਸਰਕਾਰ ਨੂੰ ਯਾਦ ਕਰਦੇ ਹਨ ਤੇ ਅਰਦਾਸਾਂ ਕਰਦੇ ਹਨ, ਭੁੱਲ ਕੇ ਵੀ ਮੋਦੀ ਸਰਕਾਰ ਮੁੜ ਸੱਤਾ ਵਿੱਚ ਨਾ ਆਵੇ।
ਦੋਦਾ (ਪੱਤਰ ਪ੍ਰੇਰਕ) ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਚਰਨਦੀਪ ਸਿੰਘ ਬਾਮ ਤੇ ਜਗਦੀਸ਼ ਕਟਾਰੀਆਂ ਦੀ ਅਗਵਾਈ ’ਚ ਅੱਜ ਦੋਦਾ ’ਚ ਸਮੁੱਚੀ ਟੀਮ ਵੱਲੋਂ ਡੀਜਲ ਤੇ ਪੈਟਰੋਲ ਦੀਆਂ ਆਏ ਦਿਨ ਵਧਦੀਆਂ ਕੀਮਤਾਂ ਖ਼ਿਲਾਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ। ਆਗੂਆਂ ਨੇ ਕਿਹਾ ਕਿ ਮਹਿਗਾਈ ਸ਼ਿਖਰ ’ਤੇ ਹੈ, ਪਰ ਦੇਸ਼ ਦੀ ਹਾਕਮ ਜਮਾਤ ਲੋਕਾਂ ਨੂੰ ਲੁੱਟਣ ’ਤੇ ਲੱਗੀ ਹੈ।