ਪੱਤਰ ਪ੍ਰੇਰਕ
ਹੁਸ਼ਿਆਰਪੁਰ, 11 ਜੂਨ
ਨਗਰ ਨਿਗਮ ਦੀਆਂ ਸਮੂਹ ਮੁਲਾਜ਼ਮ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਅੱਜ 30ਵੇਂ ਦਿਨ ਵੀ ਕਰਨਜੋਤ ਆਦੀਆ ਦੀ ਅਗਵਾਈ ਹੇਠ ਰੋਸ ਮੁਜ਼ਾਹਰਾ ਕੀਤਾ ਗਿਆ। ਮੁਲਾਜ਼ਮ ਆਗੂ ਕੁਲਵੰਤ ਸਿੰਘ ਸੈਣੀ ਨੇ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਜਾਣ-ਬੁੱਝ ਕੇ ਲਟਕਾ ਰਹੀ ਹੈ ਜਿਸ ਕਰਕੇ ਉਨ੍ਹਾਂ ’ਚ ਰੋਸ ਹੈ।
ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ 14 ਜੂਨ ਤੱਕ ਮੰਗਾਂ ਦਾ ਹੱਲ ਨਾ ਨਿਕਲਿਆ ਤਾਂ 15 ਜੂਨ ਨੂੰ ਪਟਿਆਲਾ ਵਿੱਚ ਮੁੱਖ ਮੰਤਰੀ ਤੇ ਸਥਾਨਕ ਸਰਕਾਰ ਮੰਤਰੀ ਦੀਆਂ ਕੋਠੀਆਂ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਅਤੇ ਰਹਿੰਦੀਆਂ ਹੋਰ ਮੰਗਾਂ ਦਾ ਵੀ ਨਿਬੇੜਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੰਗਾਂ ਦੇ ਹੱਲ ਹੋਣ ਤੱਕ ਹੜਤਾਲ ਜਾਰੀ ਰਹੇਗੀ। ਮੁਜ਼ਾਹਰੇ ਵਿੱਚ ਜੋਗਿੰਦਰ ਸਿੰਘ ਸੈਣੀ, ਦਲੀਪ ਕੁਮਾਰ, ਸੋਮ ਨਾਥ ਆਦੀਆ, ਰਾਕੇਸ਼ ਕੁਮਾਰ, ਜਸਵੀਰ ਕੁਮਾਰ, ਧਨਜੀਤ ਬੱਧਣ, ਰਾਜਿੰਦਰ ਕੁਮਾਰ, ਜੈ ਗੋਪਾਲ ਅਤੇ ਰਾਕੇਸ਼ ਕੁਮਾਰ ਆਦਿ ਸ਼ਾਮਿਲ ਹੋਏ।