ਵਾਰਸਾ: ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ (53 ਕਿਲੋ ਵਰਗ) ਨੇ ਅੱਜ ਇੱਥੇ ਦੋ ਜਿੱਤਾਂ ਦਰਜ ਕਰ ਕੇ ਪੋਲੈਂਡ ਓਪਨ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਵਿਨੇਸ਼ ਨੂੰ 2019 ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜੇਤੂ ਏਕਾਤੇਰੀਨਾ ਪੋਲੇਸ਼ਚੁਕ ਖ਼ਿਲਾਫ਼ ਆਪਣੇ ਸ਼ੁਰੂਆਤੀ ਮੁਕਾਬਲੇ ਵਿੱਚ 6-2 ਨਾਲ ਜਿੱਤ ਹਾਸਲ ਕਰਨ ਲਈ ਸੰਘਰਸ਼ ਕਰਨਾ ਪਿਆ ਪਰ ਅਮਰੀਕਾ ਦੀ ਐਮੀ ਐੱਨ ਫੇਅਰਨਸਾਈਡ ਨੂੰ ਉਸ ਨੇ ਮਹਿਜ਼ 75 ਸੈਕਿੰਡਾਂ ਵਿੱਚ ਹੀ ਚਿੱਤ ਕਰ ਦਿੱਤਾ। ਇਸ ਸਾਲ ਮਾਰਚ ਵਿੱਚ ਮੈਟੀਓ ਪੇਲੀਕੋਨ ਅਤੇ ਅਪਰੈਲ ’ਚ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਣ ਵਾਲੀ ਇਹ 26 ਸਾਲਾ ਪਹਿਲਵਾਨ ਲਗਾਤਾਰ ਤੀਸਰੇ ਟੂਰਨਾਮੈਂਟ ਵਿੱਚ ਸੋਨ ਤਗਮਾ ਜਿੱਤ ਸਕਦੀ ਹੈ। -ਪੀਟੀਆਈ
ਅੰਸ਼ੂ ਟੂਰਨਾਮੈਂਟ ’ਚੋਂ ਲਾਂਭੇ
ਵਾਰਸਾ: ਓਲੰਪਿਕ ਦੀਆਂ ਤਿਆਰੀਆਂ ਵਿੱਚ ਲੱਗੀ ਭਾਰਤੀ ਪਹਿਲਵਾਨ ਅੰਸ਼ੂ ਮਲਿਕ (57 ਕਿਲੋ ਵਰਗ) ਬੁਖਾਰ ਚੜ੍ਹਨ ਕਾਰਨ ਅੱਜ ਪੋਲੈਂਡ ਓਪਨ ਕੁਸ਼ਤੀ ਮੁਕਾਬਲੇ ’ਚੋਂ ਲਾਂਭੇ ਹੋ ਗਈ ਹੈ। ਜਦੋਂ ਤਕ ਉਸ ਦੀ ਕਰੋਨਾ ਰਿਪੋਰਟ ਨਹੀਂ ਆਉਂਦੀ ਉਸ ਨੂੰ ਬਾਕੀਆਂ ਤੋਂ ਅਲੱਗ ਰੱਖਿਆ ਜਾਵੇਗਾ। ਜਾਣਕਾਰੀ ਅਨੁਸਾਰ ਜਦੋਂ ਅੰਸ਼ੂ ਅੱਜ ਸਵੇਰੇ ਵਜ਼ਨ ਕਰਵਾਉਣ ਆਈ ਤਾਂ ਉਸ ਨੂੰ ਬੁਖਾਰ ਸੀ, ਜਿਸ ਕਰਕੇ ਉਸ ਨੂੰ ਮੁਕਾਬਲੇ ’ਚੋਂ ਹਟਣ ਦੀ ਸਲਾਹ ਦਿੱਤੀ ਗਈ। -ਪੀਟੀਆਈ