ਅੰਮ੍ਰਿਤ ਪਾਲ
ਅੰਮ੍ਰਿਤ ਪਾਲ
ਪ੍ਰੋ. ਮੋਹਨ ਸਿੰਘ ਦੀ ਕਵਿਤਾ ‘ਖਨਗਾਹੀਂ ਦੀਵਾ ਬਾਲਦੀਏ’ ਇਕ ਔਰਤ ਦੀ ਤਣਾਅਪੂਰਨ ਮਾਨਸਿਕ ਅਵਸਥਾ ਅਤੇ ਮਾਨਸਿਕ ਸੰਤੁਲਨ ਨੂੰ ਬਿਆਨ ਕਰਦੀ ਹੈ। ਇਸ ਕਵਿਤਾ ਨੂੰ ਪੜ੍ਹਨ ਉਪਰੰਤ ਜਾਪਦਾ ਹੈ ਜਿਵੇਂ ਜ਼ਿਆਦਾ ਤਾਰਕਿਕ ਦ੍ਰਿਸ਼ਟੀਕੋਣ ਭਰਪੂਰ ਲੋਕ ਸੰਸਿਆਂ ਨੂੰ ਹੋਰ ਉਜਾਗਰ ਕਰਦੇ ਹਨ, ਪਰ ਘੱਟ ਪੜ੍ਹੇ ਲਿਖੇ ਮਨੁੱਖ ਲੋਕ ਵਿਸ਼ਵਾਸਾਂ ਨਾਲ ਸਾਂਝ ਪਾ ਕੇ ਇਨ੍ਹਾਂ ਸੰਸਿਆ ਤੋਂ ਮੁਕਤ ਤਾਂ ਹੁੰਦੇ ਹੀ ਹਨ ਸਗੋਂ ਵੱਖਰੀ ਮਾਨਸਿਕ ਸੰਤੁਸ਼ਟੀ ਦੇ ਸਤਰ ਨੂੰ ਵੀ ਪ੍ਰਾਪਤ ਕਰ ਲੈਂਦੇ ਹਨ। ‘ਖਨਗਾਹੀ ਦੀਵਾ ਬਾਲਦੀਏ’ ਕਵਿਤਾ ਵਿਚ ਪ੍ਰੋ. ਮੋਹਨ ਸਿੰਘ ਲਿਖਦੇ ਹਨ:
ਖਨਗਾਹੀਂ ਦੀਵਾ ਬਾਲਦੀਏ, ਕੀ ਲੋਚਦੀਏ ਕੀ ਭਾਲਦੀਏ
ਕੀ ਰੁੱਸ ਗਿਆ ਤੇਰਾ ਢੋਲ ਕੁੜੇ, ਯਾ ਸੱਖਣੀ ਤੇਰੀ ਝੋਲ ਕੁੜੇ
ਯਾ ਸਰਘੀ ਵੇਲੇ ਤੱਕਿਆ ਈ, ਕੋਈ ਡਾਢਾ ਭੈੜਾ ਸੁਫਨਾ ਨੀਂ
ਜੋ ਕਰਦੀ ਮਾਰੋ ਮਾਰ ਕੁੜੇ, ਤੂੰ ਪਹੁੰਚੀ ਵਿਚ ਉਜਾੜ ਕੁੜੇ
ਉਪਰੋਕਤ ਸਤਰਾਂ ਵਿਚ ਪ੍ਰੋ. ਸਾਹਿਬ ਪਹਿਲਾਂ ਔਰਤ ਦੇ ਹਾਵਾਂ ਭਾਵਾਂ ਜ਼ਰੀਏ ਉਸ ਦੀ ਤਣਾਅਪੂਰਨ ਮਾਨਸਿਕ ਹਾਲਤ ਨੂੰ ਸਿਖਰ ’ਤੇ ਲੈ ਗਏ ਹਨ। ਫਿਰ ਉਸ ਦੇ ਹਾਵਾਂ ਭਾਵਾਂ ਨੂੰ ਹੀ ਆਧਾਰ ਬਣਾ ਕੇ ਤਣਾਅਮੁਕਤ ਮਾਨਸਿਕ ਅਵਸਥਾ ਵਿਚ ਆਉਣ ਵਾਲੇ ਪਰਿਵਰਤਨ ਦਾ ਜ਼ਿਕਰ ਵੀ ਅਗਲੀਆਂ ਸਤਰਾਂ ਵਿਚ ਕੀਤਾ ਹੈ:
ਤੂੰ ਅਚਲ ਅਡੋਲ ਅਬੋਲ ਖੜ੍ਹੀ,
ਹਿੱਕ ਤੇਰੀ ਨਾਲ ਯਕੀਨ ਭਰੀ
ਖਨਗਾਹ ਦੇ ਉੱਤੇ ਆਣ ਨਾਲ,
ਇਕ ਦੀਵੇ ਦੇ ਟਮਕਾਣ ਨਾਲ
ਸੰਸੇ ਤੇਰੇ ਦੂਰ ਹੋਏ,
ਹਿੱਕ ਖੂੰਜੇ ਨੂਰੋ ਨੂਰ ਹੋਏ
ਸਿਰਫ਼ ਇਕ ਦੀਵਾ ਜਗਾਉਣ ਨਾਲ ਉਸ ਨੂੰ ਐਸੀ ਮਾਨਸਿਕ ਸੰਤੁਸ਼ਟੀ ਜਾਂ ਸੰਤੁਲਨ ਪ੍ਰਾਪਤ ਹੋਇਆ ਕਿ ਸੰਸਿਆਂ ਦੀ ਲੜੀ ਟੁੱਟ ਗਈ, ਪਰ ਤਰਕਵਾਦੀ ਦ੍ਰਿਸ਼ਟੀਕੋਣ ਰੱਖਣ ਵਾਲੇ ਮਨੁੱਖ ਲਈ ਇਹ ਅੰਧਵਿਸ਼ਵਾਸ ਨਾਲ ਜੁੜਿਆ ਨਿਰਾਰਥਕ ਕਾਰਜ ਹੈ। ਇਸ ਦੇ ਉਲਟ ਇਹ ਅੰਧ ਵਿਸ਼ਵਾਸ ਮਾਨਸਿਕ ਸੰਤੁਲਨ ਪ੍ਰਾਪਤ ਕਰਨ ਵਾਲੇ ਲਈ ਜੀਵਨ ਦਾਨ ਦੀ ਤਰ੍ਹਾਂ ਹੈ। ਆਖਿਰ ਵਿਚ ਪ੍ਰੋ. ਸਾਹਿਬ ਲਿਖਦੇ ਹਨ:
ਪਰ ਪੜ੍ਹ ਪੜ੍ਹ ਪੁਸਤਕ ਢੇਰ ਕੁੜੇ,
ਮੇਰਾ ਵਧਦਾ ਜਾਏ ਹਨੇਰ ਕੁੜੇ
ਬੰਦਾ ਕਿਉਂ, ਕੀ, ਕਿੱਦਾਂ ਦੇ ਚੱਕਰਾਂ ਵਿਚ ਫਸਿਆ ਹੋਇਆ ਹੈ, ਪਰ ਕਈ ਮਨੁੱਖ ਲੋਕ ਵਿਸ਼ਵਾਸਾਂ ਵਿਚੋਂ ਅਜਿਹੇ ਪ੍ਰਸ਼ਨਾਂ ਦੇ ਉੱਤਰ ਪ੍ਰਾਪਤ ਕਰਕੇ ਮਾਨਸਿਕ ਸੰਤੁਲਨ ਪ੍ਰਾਪਤ ਕਰ ਲੈਂਦੇ ਹਨ। ਜ਼ਿਆਦਾ ਸਮਝ ਜਾਂ ਗਿਆਨ ਰੱਖਣ ਵਾਲੇ ਪੂਰੀ ਜ਼ਿੰਦਗੀ ਅਤ੍ਰਿਪਤ, ਅਸੰਤੁਸ਼ਟ ਰਹਿੰਦੇ ਹਨ। ਹਾਸ਼ਮ ਵੀ ਆਖਦੈ ਸਮਝਦਾਰ ਬੰਦੇ ਨੂੰ ਸਮਝ ਸਤਾਉਂਦੀ ਹੈ:
ਤੈਨੂੰ ਹੁਸਨ ਖਰਾਬ ਕਰੇਂਦਾ
ਅਤੇ ਮੈਨੂੰ ਸਮਝ ਸਤਾਇਆ
ਜਿਉਂ ਜਿਉਂ ਆਣ ਹੁਸਨ ਦੀ
ਸਮਝਾਂ ਮੈਨੂੰ ਉਠਦਾ ਸੂਲ ਸਵਾਇਆ
ਸਭੇ ਦਰਦ ਡਿੱਠੇ ਸਭ ਦੁਖੀਏ
ਜਿਨ੍ਹਾਂ ਸਮਝ-ਸਮਝ ਦੁੱਖ ਲਾਇਆ
ਆਤਸ਼ ਸਮਝ ਜਿਨ੍ਹਾਂ ਵਿਚ ਹਾਸ਼ਮ
ਉਨ੍ਹਾਂ ਆਪਣਾ ਆਪ ਜਲਾਇਆ
ਲੋਕ ਵਿਸ਼ਵਾਸ ਮਨੁੱਖ ਦੇ ਹਾਣੀ ਹਨ ਭਾਵ ਜਿੰਨਾ ਮਨੁੱਖ ਪੁਰਾਣਾ ਹੈ ਲੋਕ ਵਿਸ਼ਵਾਸ ਵੀ ਓਨੇ ਹੀ ਪੁਰਾਣੇ ਹਨ। ਜਿਵੇਂ ਜਿਵੇਂ ਸੱਭਿਅਤਾ ਵਿਕਾਸ ਕਰਦੀ ਗਈ, ਲੋਕ ਵਿਸ਼ਵਾਸ ਮਨੁੱਖ ਦੇ ਨਾਲ ਸਫ਼ਰ ਤੈਅ ਕਰਦੇ ਹੁਣ ਤਕ ਪੁੱਜ ਗਏ। ਪੁਰਾਤਨ ਸਮੇਂ ਜੰਗਲੀ ਜੀਵਨ ਵਿਚ ਕੁਦਰਤੀ ਦ੍ਰਿਸ਼ ਕਈ ਬਾਰ ਭਿਅੰਕਰ ਰੂਪ ਧਾਰਨ ਕਰ ਲੈਂਦੇ ਸਨ। ਅਜਿਹੇ ਦ੍ਰਿਸ਼ ਬਾਰ-ਬਾਰ ਦੇਖ ਕੇ ਮਨੁੱਖ ਦਾ ਭੈਅਭੀਤ ਹੋਣਾ ਸੁਭਾਵਿਕ ਸੀ। ਅਜਿਹੇ ਦ੍ਰਿਸ਼ ਉਸ ਨੂੰ ਜ਼ਿੰਦਗੀ ਲਈ ਖ਼ਤਰਾ ਜਾਪਦੇ ਸਨ। ਉਂਜ ਵੀ ਮਨੋਵਿਗਿਆਨ ਅਨੁਸਾਰ ਆਤਮ ਰੱਖਿਆ ਦੀ ਪ੍ਰਵਿਰਤੀ ਮਨੁੱਖ ਦੀ ਸਥਾਈ ਭਾਵਨਾ ਹੈ। ਉਸ ਕੋਲ ਆਤਮ ਰੱਖਿਆ ਦੇ ਸਾਧਨ ਨਾਂਮਾਤਰ ਸਨ। ਗੁਫ਼ਾਵਾਂ, ਘਾਹ ਜਾਂ ਕੱਖ ਦੇ ਟਿਕਾਣਿਆਂ ਵਿਚ ਰਹਿੰਦਿਆਂ ਨਗਨ ਜਾਂ ਅੱਧ ਨੰਗੀ ਹਾਲਤ, ਬਿਨ ਹਥਿਆਰ ਆਤਮ ਰੱਖਿਆ ਕਰਨਾ ਉਸ ਲਈ ਨਾਮੁਮਕਿਨ ਸੀ। ਜਦੋਂ ਕੋਈ ਵੱਸ ਨਾ ਚੱਲਿਆ ਤਾਂ ਉਸ ਨੇ ਕੁਦਰਤ ਅੱਗੇ ਗੋਡੇ ਟੇਕ ਦਿੱਤੇ। ਉਸ ਦੇ ਇਸੇ ਡਰ ਅਤੇ ਆਤਮ ਰੱਖਿਆ ਦੀ ਭਾਵਨਾ ਵਿਚੋਂ ਕਈ ਲੋਕ ਵਿਸ਼ਵਾਸਾਂ ਨੇ ਜਨਮ ਲਿਆ। ਅਗਿਆਨਤਾ ਕਾਰਨ ਪੁਰਾਤਨ ਮਨੁੱਖ ਇਨ੍ਹਾਂ ਘਟਨਾਵਾਂ ਪਿੱਛੇ ਦੈਵੀ ਸ਼ਕਤੀ ਦੀ ਹੋਂਦ ਨੂੰ ਸਵੀਕਾਰ ਕਰਦਾ ਸੀ, ਇਸੇ ਲਈ ਉਸ ਨੇ ਕਈ ਕਰਮ ਕਾਂਡ ਸ਼ੁਰੂ ਕਰ ਦਿੱਤੇ। ਅਜਿਹਾ ਕਰਨ ਨਾਲ ਬਾਕੀ ਸਭ ਜਿਉਂ ਦਾ ਤਿਉਂ ਰਿਹਾ, ਪਰ ਉਸ ਨੇ ਇਨ੍ਹਾਂ ਕਰਮ ਕਾਂਡਾਂ ਸਦਕਾ ਡਰ ’ਤੇ ਕਾਬੂ ਪਾ ਕੇ ਮਾਨਸਿਕ ਸੰਤੁਲਨ ਪ੍ਰਾਪਤ ਕਰਨਾ ਸ਼ੁਰੂ ਕਰ ਦਿੱਤਾ। ਬਾਰ ਬਾਰ ਘਟਨਾਵਾਂ ਦਾ ਦੁਹਰਾਅ ਉਸ ਦੇ ਵਿਸ਼ਵਾਸ ਪੱਕੇ ਕਰਦਾ ਗਿਆ ਅਤੇ ਇਨ੍ਹਾਂ ਵਿਚ ਹੋਰ ਕਈ ਵਿਸ਼ਵਾਸ ਜੁੜਦੇ ਗਏ। ਮਨੁੱਖ ਆਪਣੇੇ ਡਰ ਦਾ ਉਪਾਅ ਕਰਕੇ ਸ਼ੁਰੂ ਤੋਂ ਹੀ ਮਾਨਸਿਕ ਸੰਤੁਲਨ ਪ੍ਰਾਪਤ ਕਰਦਾ ਆ ਰਿਹਾ ਹੈ। ਉਸ ਸਮੇਂ ਮਨੁੱਖ ਅਗਿਆਨੀ ਹੋਣ ਕਰਕੇ ਲੋਕ ਵਿਸ਼ਵਾਸਾਂ ਨੂੰ ਜਨਮ ਦਿੰਦਾ ਗਿਆ ਅਤੇ ਕਰਮ ਕਾਂਡਾਂ ਵਿਚ ਉਲਝਿਆ ਰਿਹਾ। ਹੌਲੀ ਹੌਲੀ ਸਮੇਂ ਦੇ ਵਿਕਾਸ ਕਰਨ ਨਾਲ ਇਹ ਲੋਕ ਵਿਸ਼ਵਾਸ ਵੇਦਾਂ, ਉਪਨਿਸ਼ਦਾਂ, ਰਮਾਇਣ, ਮਹਾਂਭਾਰਤ, ਪੁਰਾਣ, ਲੋਕ ਸਾਹਿਤ ਅਤੇ ਵਿਸ਼ੇਸ਼ ਸਾਹਿਤ ਦਾ ਹਿੱਸਾ ਬਣੇ। ਲੋਕ ਵਿਸ਼ਵਾਸਾਂ ਦਾ ਘੇਰਾ ਬਹੁਤ ਵਿਸ਼ਾਲ ਹੈ। ਜਲ-ਥਲ, ਵਾਯੂ, ਜੀਵ-ਨਿਰਜੀਵ ਵਸਤਾਂ ਇਸ ਦੇ ਘੇਰੇ ਵਿਚ ਆਉਂਦੀਆਂ ਹਨ। ਹਰੇਕ ਵਸਤੂ ਤੋਂ ਸ਼ੁਭ ਜਾਂ ਅਸ਼ੁਭ ਸੰਕੇਤ ਪ੍ਰਾਪਤ ਹੁੰਦਾ ਹੈ। ਮਨੁੱਖ ਦੀ ਪ੍ਰਕਿਰਤੀ ਹੀ ਐਸੀ ਹੈ ਕਿ ਉਹ ਹਮੇਸ਼ਾਂ ਪਹਿਲਾਂ ਤਾਂ ਕੁਝ ਨਾ ਕੁਝ ਜਾਨਣ ਲਈ ਮਾਨਸਿਕ ਰੂਪ ਵਿਚ ਉਤਸੁਕ ਰਹਿੰਦਾ ਹੈ, ਪਰ ਜਦੋਂ ਉਸ ਨੂੰ ਸੁਭ-ਅਸ਼ੁਭ ਦਾ ਪਤਾ ਲੱਗ ਜਾਂਦਾ ਹੈ ਤਾਂ ਉਹ ਫਿਰ ਉਸ ਦਾ ਉਪਾਅ ਲੱਭਦਾ ਹੈ। ਉਪਾਅ ਕਰਨ ਉਪਰੰਤ ਹੀ ਮਾਨਸਿਕ ਸੰਤੁਲਨ ਪ੍ਰਾਪਤ ਕਰਦਾ ਹੈ।
ਸਮਾਜਿਕ ਜੀਵਨ ਵਿਚ ਕਈ ਪਰਿਵਰਤਨ ਆਉਣ ਦੇ ਬਾਵਜੂਦ ਲੋਕ ਵਿਸ਼ਵਾਸ ਅੱਜ ਤਕ ਕਾਇਮ ਹਨ। ਅਗਿਆਨੀ ਜਾਂ ਅਨਪੜ੍ਹ ਲੋਕਾਂ ਵਿਚ ਇਨ੍ਹਾਂ ਦੀ ਗਿਣਤੀ ਜ਼ਿਆਦਾ ਹੈ, ਪਰ ਪੜ੍ਹੇ ਲਿਖੇ ਲੋਕਾਂ ਦੀ ਜ਼ਿੰਦਗੀ ਵਿਚ ਵੀ ਇਹ ਮਹੱਤਵਪੂਰਨ ਥਾਂ ਘੇਰਦੇ ਹਨ। ਪੁਰਾਤਨ ਮਨੁੱਖ ਜੰਗਲੀ ਅਤੇ ਅਗਿਆਨੀ ਸੀ। ਉਸ ਵਾਤਾਵਰਨ ਨੇ ਕਈ ਲੋਕ ਵਿਸ਼ਵਾਸਾਂ ਨੂੰ ਸਿਰਜਿਆ। ਆਧੁਨਿਕ ਮਨੁੱਖ ਸਿੱਖਿਅਕ ਅਤੇ ਤਾਰਕਿਕ ਹੈ, ਪਰ ਲੋਕ ਵਿਸ਼ਵਾਸ ਅਜੇ ਵੀ ਕਾਇਮ ਹਨ। ਇਸ ਦਾ ਪ੍ਰਮੁੱਖ ਕਾਰਨ ਅਨਪੜ੍ਹਤਾ ਜਾਂ ਅਗਿਆਨਤਾ ਨਹੀਂ ਸਗੋਂ ਲੋਕ ਮਾਨਸਿਕਤਾ ਹੈ।
ਗਿਆਨੀ ਗੁਰਦਿੱਤ ਸਿੰਘ ਅਨੁਸਾਰ ਵਹਿਮਾਂ ਭਰਮਾ ਅਤੇ ਵਿਸ਼ਵਾਸਾਂ ਦੀ ਮਾਨਤਾ ਮਨੁੱਖ ਅੰਦਰ ਪੁਰਾਣੇ ਸਮਿਆਂ ਤੋਂ ਚੱਲਦੀ ਆ ਰਹੀ ਹੈ। ਇਸ ਦਾ ਕਾਰਨ ਅਗਿਆਨਤਾ ਹੈ, ਪਰ ਵਿਸ਼ਵਾਸਾਂ ਦੀ ਉਪਜ ਵੀ ਇਕ ਸਮੇਂ ਦਾ ਗਿਆਨ, ਬਲਕਿ ਵਿਗਿਆਨ ਹੈ। ਇਸ ਦੇ ਨਾਲ ਹੀ ਰੂਹਾਂ ਦੀ ਦੁਨੀਆਂ ਬਾਰੇ ਅਟਕਲਾਂ ਹਨ। ਕੁਝ ਕੁ ਸੂਝਵਾਨ ਵੀ ਵਹਿਮਾਂ ਭਰਮਾਂ ਅਤੇ ਵਿਸ਼ਵਾਸਾਂ ਵਿਚ ਭਾਰੀ ਯਕੀਨ ਰੱਖਦੇ ਹਨ। ਕੋਈ ਵੀ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਸ਼ਗਨ-ਅਪਸ਼ਗਨ ਬਾਰੇ ਵਿਚਾਰ ਕੀਤਾ ਜਾਂਦਾ ਹੈ। ਮਾੜੀ ਘਟਨਾ ਨੂੰ ਰੋਕਣ ਲਈ ਉਪਾਅ ਜਾਂ ਸਾਵਧਾਨੀਆਂ ਆਧੁਨਿਕ ਸਮੇਂ ਤਕ ਸਾਡੇ ਨਾਲ ਹਨ ਅਤੇ ਲੋਕ ਵਿਸ਼ਵਾਸ ਚੇਤਨ-ਅਵਚੇਤਨ ਦਾ ਹਿੱਸਾ ਬਣ ਚੁੱਕੇ ਹਨ। ਆਰਥਿਕ ਖੁਸ਼ਹਾਲੀ, ਤਰੱਕੀ, ਆਧੁਨਿਕਤਾ, ਸਿੱਖਿਆ ਜਿਹੇ ਸ਼ਬਦ ਮਾਨਸਿਕ ਪਰਿਵਰਤਨ ਦੇ ਸੂਚਕ ਨਹੀਂ ਜਾਪਦੇ। ਮਨੁੱਖ ਕਿਸੇ ਵੀ ਕੀਮਤ ’ਤੇ ਮਾਨਸਿਕ ਸੰਤੁਲਨ ਚਾਹੁੰਦਾ ਹੈ। ਲੋਕ ਇਸ ਸੰਤੁਲਨ ਨੂੰ ਲੋਕ ਵਿਸ਼ਵਾਸਾਂ ਵਿਚੋਂ ਲੱਭਣ ਦੀ ਕੋਸ਼ਿਸ਼ ਕਰਦੇ ਹਨ, ਇਸੇ ਕਾਰਨ ਇਹ ਪੀੜ੍ਹੀਆਂ ਦਾ ਸਫ਼ਰ ਤੈਅ ਕਰਦੇ ਆਏ ਹਨ। ਹਰੇਕ ਨਵੀਂ ਪੀੜ੍ਹੀ ਇਸ ਨੂੰ ਗ੍ਰਹਿਣ ਕਰਦੀ ਆਈ ਹੈ।
ਇਕ ਤਾਂ ਲੋਕ ਵਿਸ਼ਵਾਸ ਉਹ ਹਨ ਜੋ ਸਦੀਆਂ ਤੋਂ ਚੱਲੇ ਆ ਰਹੇ ਹਨ- ਜਿਵੇਂ ਬਿੱਲੀ ਦਾ ਰਸਤਾ ਕੱਟਣਾ ਜਾਂ ਨਿੱਛ ਮਾਰਨਾ ਅਪਸ਼ਗਨ ਹਨ, ਪਰ ਕਈ ਲੋਕ ਵਿਸ਼ਵਾਸ ਲੋਕਾਂ ਨੇ ਵਿਅਕਤੀਗਤ ਰੂਪ ਵਿਚ ਆਪ ਹੀ ਬਣਾ ਲਏ ਹੁੰਦੇ ਹਨ। ਇਨ੍ਹਾਂ ਦੀ ਆਧਾਰਸ਼ਿਲਾ ਵੀ ਉਹੀ ਹੈ ਜੋ ਸਦੀਆਂ ਪਹਿਲਾਂ ਦੇ ਲੋਕ ਵਿਸ਼ਵਾਸਾਂ ਦੀ ਹੈ ਭਾਵ ਜਦੋਂ ਇਕ ਘਟਨਾ ਦਾ ਕਾਰਨ ਦੂਸਰੀ ਘਟਨਾ ਬਣ ਗਈ ਤਾਂ ਮਨੁੱਖ ਨੇ ਇਕ ਘਟਨਾ ਦੂਜੀ ਘਟਨਾ ਦਾ ਕਾਰਨ ਸਵੀਕਾਰ ਲਈ। ਅਜਿਹੇ ਵਿਸ਼ਵਾਸ ਲੋਕ ਜ਼ਿਆਦਾਤਰ ਕਿਸੇ ਨਾਲ ਸਾਂਝੇ ਨਹੀਂ ਕਰਦੇ, ਪਰ ਉਨ੍ਹਾਂ ਦੀ ਮਾਨਸਿਕਤਾ ਦਾ ਹਿੱਸਾ ਬਣ ਚੁੱਕੇ ਹਨ। ਉਦਾਹਰਣ ਵਜੋਂ ਮੰਨ ਲਓ ਜੇਕਰ ਕਿਸੇ ਵਿਦਿਆਰਥੀ ਦਾ ਪੇਪਰ ਕਿਸੇ ਖਾਸ ਪੈੱਨ ਨਾਲ ਲਿਖਣ, ਕੱਪੜੇ ਪਹਿਨਣ, ਘੜੀ ਬੰਨ੍ਹਣ ਨਾਲ ਵਧੀਆ ਹੋਇਆ ਹੋਵੇ, ਉਹ ਹਰੇਕ ਪੇਪਰ ਵਿਚ ਇਨ੍ਹਾਂ ਵਸਤੂਆਂ ਨੂੰ ਦੁਹਰਾਉਂਦਾ ਹੈ। ਜੇਕਰ ਪੇਪਰ ਮਾੜਾ ਗਿਆ ਹੋਵੇ, ਫਿਰ ਇਨ੍ਹਾਂ ਚੀਜ਼ਾਂ ਦੀ ਵਰਤੋਂ ਨਹੀਂ ਕਰਦਾ। ਕਈ ਚੀਜ਼ਾਂ, ਵਿਅਕਤੀਆਂ, ਸਥਾਨਾਂ ਨੂੰ ਮਨੁੱਖ ਨੇ ਆਪਣੇ ਲਈ ਸ਼ੁਭ ਸਮਝਿਆ ਹੁੰਦਾ ਹੈ।
ਵਿਸ਼ਵਾਸ ਸਭ ਤੋਂ ਪਹਿਲਾ ਸ਼ਗਨ ਜਾਂ ਅਪਸ਼ਗਨ ਦੇ ਰੂਪ ਵਿਚ ਵਿਕਸਤ ਹੋਣੇ ਸ਼ੁਰੂ ਹੋਏ ਜੋ ਅੱਜ ਤਕ ਕਾਇਮ ਹਨ। ਮਨੁੱਖ ਨਸ਼ਟ ਹੋ ਜਾਂਦਾ ਹੈ, ਪਰ ਇਹ ਵਿਸ਼ਵਾਸ ਅਮਰ ਹਨ। ਭਾਰਤ ਹੀ ਨਹੀਂ ਇੰਗਲੈਂਡ, ਫਰਾਂਸ, ਜਰਮਨੀ, ਜਪਾਨ, ਅਮਰੀਕਾ ਵਰਗੇ ਦੇਸ਼ਾਂ ਵਿਚ ਵੀ ਲੋਕ ਵਿਸ਼ਵਾਸਾਂ ਦੀ ਕਮੀ ਨਹੀਂ ਹੈ। ਇਸ ਦਾ ਕਾਰਨ ਇਹੋ ਹੈ ਕਿ ਲੋਕ ਵਿਸ਼ਵਾਸਾਂ ਦਾ ਆਧਾਰ ਲੋਕਾਂ ਦੀ ਮਾਨਸਿਕਤਾ ਹੈ। ਇਹ ਲੋਕਾਂ ਦੇ ਹਿਰਦੇ ਵਿਚ ਸਥਾਈ ਰੂਪ ਵਿਚ ਨਿਵਾਸ ਕਰਦੇ ਹਨ। ਇੱਥੋਂ ਤਕ ਕਿ ਚੇਤਨ ਹੀ ਨਹੀਂ ਅਵਚੇਤਨ ਦਾ ਮਹੱਤਵਪੂਰਨ ਭਾਗ ਵੀ ਘੇਰਦੇ ਹਨ। ਜਦੋਂ ਤਕ ਲੋਕ ਮਾਨਸਿਕਤਾ ਹੈ, ਲੋਕ ਵਿਸ਼ਵਾਸ ਵੀ ਨਾਲ ਹੀ ਰਹਿਣਗੇ।
ਸੰਪਰਕ: 94649-29718