ਸਰਬਜੋਤ ਸਿੰਘ ਦੁੱਗਲ
ਕੁਰੂਕਸ਼ੇਤਰ, 11 ਜੂਨ
ਤੇਲ ਦੀਆਂ ਵਧ ਰਹੀਆਂ ਕੀਮਤਾਂ ਤੇ ਵੱਧ ਰਹੀ ਮਹਿੰਗਾਈ ਦੇ ਵਿਰੋਧ ਵਿੱਚ ਸੂਬਾ ਕਾਂਗਰਸ ਪ੍ਰਧਾਨ ਕੁਮਾਰੀ ਸੈਲਜਾ ਅਤੇ ਸਾਬਕਾ ਮੰਤਰੀ ਅਸ਼ੋਕ ਅਰੋੜਾ ਦੀ ਅਗਵਾਈ ਵਿੱਚ ਕਾਂਗਰਸੀ ਵਰਕਰਾਂ ਨੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਦੇ ਨਜ਼ਦੀਕ ਅਤੇ ਇੰਡੀਅਨ ਆਇਲ ਪੈਟਰੋਲ ਪੰਪ ਦੇ ਸਾਹਮਣੇ ਧਰਨਾ ਦਿੱਤਾ। ਵਰਕਰਾਂ ਨੇ ਭਾਜਪਾ ਦੀ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸੂਬਾ ਕਾਂਗਰਸ ਪ੍ਰਧਾਨ ਕੁਮਾਰੀ ਸ਼ੈਲਜਾ ਨੇ ਧਰਨੇ ਵਿਚ ਹਿੱਸਾ ਲੈਣ ਵਾਲੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਬਹੁਤ ਘੱਟ ਹੋਣ ਦੇ ਬਾਵਜੂਦ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਹਰ ਦਿਨ ਵਾਧਾ ਕੀਤਾ ਜਾ ਰਿਹਾ ਹੈ।
ਨਰਾਇਣਗੜ੍ਹ (ਫਰਿੰਦਰ ਪਾਲ ਗੁਲਿਆਣੀ): ਪੈਟਰੋਲ ਤੇ ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਖ਼ਿਲਾਫ਼ ਨਰਾਇਣਗੜ੍ਹ ਦੇ ਕਾਂਗਰਸੀ ਵਰਕਰਾਂ ਨੇ ਹਲਕਾ ਵਿਧਾਇਕ ਸ਼ੈਲੀ ਚੌਧਰੀ ਤੇ ਸਾਬਕਾ ਮੁੱਖ ਸੰਸਦੀ ਸਕੱਤਰ ਚੌਧਰੀ ਰਾਮ ਕਿਸ਼ਨ ਗੁੱਜਰ ਦੀ ਅਗਵਾਈ ਹੇਠ ਇੱਕ ਪੈਟਰੋਲ ਪੰਪ ‘ਤੇ ਰੋਸ ਮੁਜ਼ਾਹਰਾ ਕੀਤਾ ਤੇ ਮਹਿੰਗਾਈ ਵਧਾਉਣ ਦੇ ਰੋਸ ਵਜੋਂ ਸਰਕਾਰ ਨੂੰ ਕੋਸਿਆ। ਇਸ ਦੌਰਾਨ ਵਿਧਾਇਕ ਸ਼ੈਲੀ ਚੌਧਰੀ ਤੇ ਰਾਮ ਕਿਸ਼ਨ ਦਾ ਕਹਿਣਾ ਸੀ ਕਿ ਭਾਜਪਾ ਦੇ ਰਾਜ ਵਿੱਚ ਵਧਦੀ ਮਹਿੰਗਾਈ ਨੇ ਲੋਕਾਂ ਦਾ ਜਿਊਣਾ ਮੁਸ਼ਕਲ ਕਰ ਦਿੱਤਾ ਹੈ ਅਤੇ ਲਗਾਤਾਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧ ਰਹੀਆਂ ਹਨ, ਜਿਸ ਕਰਕੇ ਜਨਤਾ ਪ੍ਰੇਸ਼ਾਨ ਹੋ ਰਹੀ ਹੈ।
ਯਮੁਨਾਨਗਰ (ਦਵਿੰਦਰ ਸਿੰਘ): ਹਰਿਆਣਾ ਪ੍ਰਦੇਸ਼ ਕਾਂਗਰਸ ਪ੍ਰਧਾਨ ਕੁਮਾਰੀ ਸੈਲਜਾ ਅਤੇ ਹਰਿਆਣਾ ਦੇ ਇੰਚਾਰਜ ਵਿਵੇਕ ਬਾਂਸਲ ਦੇ ਸੱਦੇ ‘ਤੇ ਕਾਂਗਰਸੀ ਵਰਕਰਾਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਖ਼ਿਲਾਫ਼ ਪੈਟਰੋਲ ਪੰਪਾਂ ‘ਤੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਕਾਂਗਰ ਦੇ ਵਿਧਾਇਕ ਬੀਐੱਲ ਸੈਣੀ ਅਤੇ ਜ਼ਿਲ੍ਹਾ ਕੋਆਰਡੀਨੇਟਰ ਸ਼ਿਆਮ ਸੁੰਦਰ ਬੱਤਰਾ ਨੇ ਕਿਹਾ ਕਿ ਤੇਲ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਨਾਲ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋ ਰਿਹਾ ਹੈ। ਵੱਧ ਰਹੀ ਮੰਹਿਗਾਈ ਦੇ ਕਾਰਨ ਲੋਕਾਂ ਦਾ ਮੁਸ਼ਕਿਲ ਹੋ ਰਿਹਾ ਹੈ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਦੇਵਿੰਦਰ ਚਾਵਲਾ, ਨਰਪਾਲ ਗੁੱਜਰ, ਸਚਿਨ ਸ਼ਰਮਾ, ਅਮਰਜੀਤ ਕੋਹਲੀ, ਬਰਖਾ ਰਾਮ ਪਾਂਸਰਾ ਸਮੇਤ ਹੋਰ ਆਗੂ ਸ਼ਾਮਲ ਸਨ। ਕੈਪਸ਼ਨ: ਯਮੁਨਾ ਨਗਰ ਵਿੱਚ ਪੈਟ੍ਰੋਲਿਅਮ ਪਦਾਰਥਾਂ ਦੇ ਭਾਅ ਵਿੱਚ ਲਗਾਤਾਰ ਹੋ ਰਹੇ ਵਾਧੇ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਕਾਂਗਰਸੀ ਵਰਕਰ ।
ਸ਼ਾਹਬਾਦ ਮਾਰਕੰਡਾ (ਸਤਨਾਮ ਸਿੰਘ): ਪੈਟਰੋਲ ਤੇ ਡੀਜ਼ਲ ਸਣੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਲਗਾਤਾਰ ਕੀਤੇ ਜਾ ਰਹੇ ਵਾਧੇ ਖਿਲਾਫ ਅੱਜ ਕਾਂਗਰਸ ਦੀ ਸ਼ਹਿਰੀ ਇਕਾਈ ਵਲੋਂ ਕਾਂਗਰਸ ਕੋਆਰਡੀਨੇਟਰ ਜਗਮੋਹਨ ਸੇਠੀ ਦੀ ਅਗਵਾਈ ਵਿਚ ਸਹਿਕਾਰੀ ਖੰਡ ਮਿੱਲ ਦੇ ਪੈਟਰੋਲ ਪੰਪ ਮੂਹਰੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਕਾਂਗਰਸੀ ਕਾਰਕੁਨਾਂ ਨੇ ਸਰਕਾਰ ਵਿਰੋਧੀ ਨਾਅਰੇ ਵਾਲੇ ਬੈਨਰ ਹੱਥਾਂ ਵਿੱਚ ਫੜੇ ਹੋਏ ਸਨ।
ਟੋਹਾਣਾ (ਗੁਰਦੀਪ ਸਿੰਘ ਭੱਟੀ): ਇਥੇ ਜ਼ਿਲ੍ਹਾ ਕਾਂਗਰਸ ਕਮੇਟੀ ਕੋਆਰਡੀਨੇਟਰ ਅਰਵਿੰਦ ਸ਼ਰਮਾ, ਸਾਬਕਾ ਵਿਧਾਇਕ ਪ੍ਰਲਾਦ ਗਿੱਲਾਖੇੜਾ ਤੇ ਸਾਬਕਾ ਵਿਧਾਇਕ ਬਲਵਾਨ ਦੌਲਤਪੁਰੀਆ ਸਣੇ ਹੋਰਨਾਂ ਵਰਕਰਾਂ ਵੱਲੋਂ ਤੇਲ ਕੀਮਤਾਂ ਵਿੱਚ ਹੋਏ ਵਾਧੇ ਦੇ ਵਿਰੋਧ ਵਿੱਚ ਰੋਸ ਮਾਰਚ ਕੱਢੇ ਗਏ। ਕਾਂਗਰਸੀ ਆਗੂਆਂ ਨੇ ਕਿਹਾ ਕਿ ਕਰੋਨਾ ਕਾਲ ਦੌਰਾਨ ਕਈ ਵਾਰ ਤੇਲ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ, ਜੋ ਸਰਾਸਰ ਧੱਕੇਸ਼ਾਹੀ ਹੈ।