ਨਵੀਂ ਦਿੱਲੀ: ਡੌਮੀਨਿਕਾ ਹਾਈ ਕੋਰਟ ਨੇ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਨੂੰ ਜ਼ਮਾਨਤ ਦੇਣ ਤੋਂ ਮਨ੍ਹਾਂ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਚੋਕਸੀ ਐਂਟੀਗਾ ਤੇ ਬਾਰਬੂਡਾ ਤੋਂ ਭੇਤਭਰੇ ਢੰਗ ਨਾਲ ਲਾਪਤਾ ਹੋ ਗਿਆ ਸੀ ਤੇ ਡੌਮੀਨਿਕਾ ’ਚੋਂ ਉਸ ਨੂੰ ਲੱਭ ਲਿਆ ਗਿਆ ਸੀ। ਡੌਮੀਨਿਕਾ ਵਿਚ ਗ਼ੈਰਕਾਨੂੰਨੀ ਢੰਗ ਨਾਲ ਦਾਖਲ ਹੋਣ ਦੇ ਕੇਸ ਵਿਚ ਚੋਕਸੀ ਨੇ ਜ਼ਮਾਨਤ ਅਰਜ਼ੀ ਦਾਇਰ ਕੀਤੀ ਸੀ। ਉਧਰ ਮੇਹੁਲ ਚੋਕਸੀ ਕੇਸ ਵਿਚ ਧਿਰ ਬਣਨ ਲਈ ਭਾਰਤ ਨੇ ਡੌਮੀਨਿਕਾ ਹਾਈ ਕੋਰਟ ਦਾ ਰੁਖ਼ ਕੀਤਾ ਹੈ। ਹਾਈ ਕੋਰਟ ਵਿਚ ਜੇ ਭਾਰਤ ਦਾ ਹਲਫ਼ਨਾਮਾ ਸਵੀਕਾਰ ਕਰ ਲਿਆ ਜਾਂਦਾ ਹੈ ਤਾਂ ਸੀਨੀਅਰ ਵਕੀਲ ਹਰੀਸ਼ ਸਾਲਵੇ ਡੌਮੀਨਿਕਾ ਵਿਚ ਇਹ ਕੇਸ ਲੜਨਗੇ। ਉਥੋਂ ਦੀ ਹਾਈ ਕੋਰਟ ਨੇ ਕਿਹਾ ਕਿ ਅਦਾਲਤ ਉਸ ਨੂੰ ਮੁਲਕ ਛੱਡਣ ਤੋਂ ਰੋਕਣ ਸਬੰਧੀ ਕੋਈ ਸ਼ਰਤ ਨਹੀਂ ਲਗਾ ਸਕਦੀ ਹੈ। -ਪੀਟੀਆਈ