ਨਿੱਜੀ ਪੱਤਰ ਪ੍ਰੇਰਕ
ਮੰਡੀ ਗੋਬਿੰਦਗੜ੍ਹ, 12 ਜੂਨ
ਮੰਡੀ ਗੋਬਿੰਦਗੜ੍ਹ ਦੇ ਵਾਰਡ 25 ਦੇ ਵਿਕਾਸ ਨਗਰ ਦੇ ਲੋਕਾਂ ਜਿਨ੍ਹਾਂ ’ਚ ਵੱਡੀ ਗਿਣਤੀ ’ਚ ਔਰਤਾਂ ਵੀ ਸਾਮਲ ਸਨ ਨੇ ਪਾਵਰਕੌਮ ਦਫ਼ਤਰ ਪਹੁੰਚ ਕੇ ਅਧਿਕਾਰੀਆਂ ਖ਼ਿਲਾਫ਼ ਰੋਸ ਪ੍ਰਗਟ ਕੀਤਾ ਪਰ ਵਿਭਾਗ ਦੇ ਐੱਸਡੀਓ ਦੇ ਉਥੇ ਹਾਜ਼ਰ ਨਾ ਹੋਣ ਕਾਰਨ ਕੜਕਦੀ ਗਰਮੀ ’ਚ ਉਨ੍ਹਾਂ ਬੋਰਡ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰਦਿਆਂ ਦੋਸ਼ ਲਾਇਆ ਕਿ ਨਗਰ ਕੌਂਸਲ ਦੀਆਂ ਪਿਛਲੇ ਦਿਨੀ ਹੋਈਆਂ ਚੋਣਾਂ ਤੋਂ ਪਹਿਲਾਂ ਵਿਕਾਸ ਨਗਰ ’ਚ ਬਿਜਲੀ ਦੀ ਤਰਸਯੋਗ ਹਾਲਤ ਕਾਰਨ 3 ਟਰਾਂਸਫ਼ਾਰਮਰ ਲਗਾਏ ਗਏ ਸਨ ਪਰ ਇਸ ਵਾਰਡ ’ਚ ਕਾਂਗਰਸ ਉਮੀਦਵਾਰ ਨੂੰ ਕਰਾਰੀ ਹਾਰ ਤੇ ਆਮ ਆਦਮੀ ਪਾਰਟੀ ਦੀ ਦਿਲਰਾਜ਼ ਸੋਫ਼ਤ ਨੂੰ ਵੱਡੀ ਜਿੱਤ ਹਾਸਲ ਹੋਈ ਸੀ। ਉਨ੍ਹਾਂ ਕਿਹਾ ਕਿ ਨਤੀਜਾ ਆਉਣ ਤੋਂ ਕੁਝ ਦਿਨ ਬਾਅਦ ਵਿਭਾਗ ਦੇ ਅਧਿਕਾਰੀਆਂ ਨੇ ਕਥਿਤ ਚੁੱਪ ਚਪੀਤੇ ਇਹ ਟਰਾਂਸਫ਼ਾਰਮਰ ਉਤਾਰ ਲਏ ਤੇ ਜਦੋਂ ਉਨ੍ਹਾਂ ਨੂੰ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਵਾਰਡ ਦੇ ਘਰਾਂ ਦਾ ਲੋਡ ਵਧਾਉਣ ਮਗਰੋਂ ਹੀ ਇਹ ਟਰਾਂਸਫਾਰਮਰ ਲਗਾਏ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਲੋਕਾਂ ਵੱਲੋਂ ਲੋਡ ਵਧਾਉਣ ਬਾਰੇ ਵੀ ਸਹਿਮਤੀ ਦੇ ਦਿੱਤੀ ਪਰ ਹੁਣ ਤੱਕ ਕੋਈ ਸੁਧਾਰ ਨਹੀਂ ਹੋਇਆ। ਲੋਕਾਂ ਨੇ ਦੱਸਿਆ ਕਿ ਵੋਲਟੇਜ ਘੱਟ ਹੋਣ ਕਾਰਨ ਉਨ੍ਹਾਂ ਦੇ ਬਿਜਲੀ ਦੇ ਉਪਕਰਨ ਸੜ ਜਾਂਦੇ ਹਨ ਤੇ ਅਕਸਰ ਬਿਜਲੀ ਬੰਦ ਰਹਿਣ ਕਾਰਨ ਕੜਕਦੀ ਗਰਮੀ ’ਚ ਉਨ੍ਹਾਂ ਦੇ ਬੱਚਿਆਂ ਦੀ ਤਰਸਯੋਗ ਹਾਲਤ ਬਣੀ ਹੋਈ ਹੈ। ਇਸ ਸਬੰਧੀ ਵਾਰਡ ਦੀ ਕੌਂਸਲਰ ਦਿਲਰਾਜ ਸੋਫ਼ਤ ਦੇ ਪਤੀ ਸਾਬਕਾ ਕੌਂਸਲਰ ਰਾਹੁਲ ਸੋਫ਼ਤ ਖੁਦ ਵੀ ਇਸ ਮੌਕੇ ਹਾਜ਼ਰ ਸੀ। ਉਸਨੇ ਦੱਸਿਆ ਕਿ ਉਹ ਇਸ ਸਬੰਧ ’ਚ ਕਈ ਵਾਰ ਵਿਭਾਗ ਦੇ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ ਪਰ ਅਜੇ ਤੱਕ ਕੋਈ ਸੁਧਾਰ ਨਹੀਂ ਹੋਇਆ। ਇਸ ਸਬੰਧੀ ਜਦੋ ਵਿਧਾਇਕ ਰਣਦੀਪ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਰਾਹੁਲ ਸੋਫ਼ਤ ਵੱਲੋਂ ਮਾਮਲਾ ਉਨ੍ਹਾਂ ਦੇ ਧਿਆਨ ’ਚ ਲਿਆਂਦਾ ਗਿਆ ਹੈ ਤੇ ਉਹ ਹੋਰ ਟਰਾਂਸਫ਼ਾਰਮਰ ਲਗਾਉਣ ਸਬੰਧੀ ਮੁਹਲਾ ਵਾਸੀਆਂ ਦੇ ਬੇਨਤੀ ਪੱਤਰ ਨੂੰ ਸਿਫ਼ਾਰਸ ਕਰਕੇ ਵਿਭਾਗ ਦੇ ਅਧਿਕਾਰੀਆਂ ਨੂੰ ਭੇਜ ਰਹੇ ਹਨ। ਇਸ ਸਬੰਧੀ ਜਦੋਂ ਵਿਭਾਗ ਦੇ ਐੱਸਡੀਓ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਐਕਸੀਅਨ ਨਾਲ ਸਬੰਧਤ ਹੈ। ਜਦੋਂ ਐਕਸੀਅਨ ਨਾਲ ਸੰਪਰਕ ਕਰਨ ਲਈ ਦੋ ਵਾਰ ਮੋਬਾਈਲ ਫ਼ੋਨ ਕੀਤਾ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।