ਮੁੱਖ ਅੰਸ਼
- 85 ਸਾਲ ਮਾਂ ਨੇ ਰੌਂ-ਰੌਂ ਕੇ ਨਜ਼ਰ ਗੁਆਈ
- ਧੀ ਤੇ ਪੁੱਤ ਦੀ ਪੜ੍ਹਾਈ ਵੀ ਅਧਵਾਟੇ ਹੀ ਛੁੱਟੀ
ਹਰਦੀਪ ਸਿੰਘ ਜਟਾਣਾ
ਮਾਨਸਾ, 13 ਜੂਨ
ਪਿਛਲੇ 25 ਸਾਲਾਂ ਤੋਂ ਨਸ਼ਿਆਂ ਦੇ ਲੜ ਲੱਗੇ ਖਿਆਲਾ ਕਲਾਂ ਦੇ ਗੁਰਚਰਨ ਸਿੰਘ ਨੇ ਆਪਣੀਆਂ ਤਿੰਨ ਪੀੜ੍ਹੀਆਂ ਤਬਾਹ ਕਰ ਕੇ ਰੱਖ ਦਿੱਤੀਆਂ। ਨਸ਼ੇ ਕਾਰਨ ਪਿਛਲੇ ਦਿਨੀਂ ਉਹ ਮੌਤ ਦੇ ਮੂੰਹ ਵਿਚ ਜਾ ਪਏ ਗੁਰਚਰਨ ਸਿੰਘ(42) ਨੇ ਇਕ ਪਾਸੇ ਜਿੱਥੇ ਆਪਣੀ ਜ਼ਿੰਦਗੀ ਤੋਂ ਹੱਥ ਧੋਤੇ ਉੱਥੇ ਹੀ 85 ਸਾਲਾਂ ਨੂੰ ਢੁੱਕੀ ਉਸ ਦੀ ਮਾਂ ਵੀ ਰੌਂ-ਰੌਂ ਕੇ ਅੰਨ੍ਹੀ ਹੋ ਗਈ।
ਨਸ਼ੇ ਦੀ ਆਦਤ ਕਾਰਨ ਘਰ ਦੀ ਹਰ ਚੀਜ਼ ਚੋਰੀ ਕਰ ਕੇ ਵੇਚਣ ਵਾਲੇ ਗੁਰਚਰਨ ਨੇ ਆਪਣੇ 88 ਸਾਲਾ ਪਿਓ ਹਰਨੇਕ ਸਿੰਘ ਨੂੰ ਵੀ ਜਿਊਂਦੇ ਜੀਅ ਮਾਰ ਕੇ ਰੱਖ ਦਿੱਤਾ ਹੈ। ਗੁਰਚਰਨ ਦੀ ਮੌਤ ਤੋਂ ਬਾਅਦ ਵਿਧਵਾ ਹੋਈ ਕਰਮਜੀਤ ਕੌਰ ਨੇ ਦੱਸਿਆ ਕਿ ਉਹ ਜਦੋਂ ਤੋਂ ਵਿਆਹ ਕੇ ਆਈ ਹੈ ਚਰਨੇ ਨੇ ਕਦੇ ਕੋਈ ਚੰਗਾ ਕੰਮ ਨਹੀਂ ਕੀਤਾ। ਭਰੇ ਮਨ ਨਾਲ ਕਰਮਜੀਤ ਕੌਰ ਨੇ ਦੱਸਿਆ ਕਿ ਕਦੇ ਉਹ ਘਰ ਦੇ ਭਾਂਡੇ ਵੇਚ ਛੱਡਦਾ ਸੀ, ਕਦੇ ਤਖ਼ਤੇ, ਕਦੇ ਪਸ਼ੂਆਂ ਦੇ ਸੰਗਲ ਤੇ ਕਦੇ ਖਾਣ ਲਈ ਘਰ ਵਿਜ ਰੱਖੇ ਦਾਣੇ। ਉਹ ਦੱਸਦੀ ਹੈ ਕਿ ਗੁਰਚਰਨ ਦੀਆਂ ਬੁਰੀਆਂ ਆਦਤਾਂ ਤੋਂ ਡਰਦੇ ਉਹ ਦਾਣੇ ਵੀ ਗੁਆਂਢੀਆਂ ਦੇ ਘਰ ਛੁਪਾ ਕੇ ਰੱਖਦੇ ਰਹੀ ਹੈ।
ਤਿੰਨ ਬੱਚਿਆਂ ਦੀ ਮਾਂ ਕਰਮਜੀਤ ਕੌਰ ਨੇ ਦੱਸਿਆ ਕਿ ਗੁਰਚਰਨ ਦੀਆਂ ਨਸ਼ੇ ਦੀਆਂ ਆਦਤਾਂ ਨੇ ਤਿੰਨ ਉਨ੍ਹਾਂ ਦੇ ਟੱਬਰ ਦੀਆਂ ਪੀੜ੍ਹੀਆਂ ਤਬਾਹ ਕਰ ਕੇ ਰੱਖ ਦਿੱਤੀਆਂ ਹਨ। ਉਸ ਦੀ ਇੱਕ ਧੀ ਨੇ ਬਾਰ੍ਹਵੀਂ ਜਮਾਤ ਵਿੱਚੋਂ ਪੜ੍ਹਾਈ ਛੱਡ ਦਿੱਤੀ ਜਦਕਿ ਕੁੜੀ ਨਾਲੋਂ ਛੋਟਾ ਮੁੰਡਾ ਅੱਠਵੀਂ ਜਮਾਤ ਵਿੱਚੋਂ ਹੀ ਹਟਾਉਣਾ ਪੈ ਗਿਆ। ਘਰ ਦੀ ਮਾੜੀ ਆਰਥਿਕ ਹਾਲਤ ਕਾਰਨ ਮੁੰਡਾ ਦਿਹਾੜੀਆਂ ਕਰਦਾ ਹੈ। ਬੀਏ ਵਿਚ ਪੜ੍ਹਦੀ ਵੱਡੀ ਧੀ ਆਪਣੀ ਪੜ੍ਹਾਈ ਦਾ ਖਰਚ ਤੋਰਨ ਲਈ ਝੋਨਾ ਲਗਾ ਰਹੀ ਹੈ। ਦੋਵੇਂ ਕੁੜੀਆਂ ਵਿਆਹੁਣ ਵਾਲੀਆਂ ਹੋ ਗਈਆਂ ਹਨ ਪਰ ਘਰੇ ਤਨ ਢੱਕਣ ਲਈ ਕੱਪੜੇ ਖਰੀਦਣ ਦਾ ਪ੍ਰਬੰਧ ਵੀ ਨਹੀਂ ਹੈ। ਕਰਮਜੀਤ ਕੌਰ ਨੇ ਦੱਸਿਆ ਕਿ ਉਹ ਮਿਹਨਤ-ਮਜ਼ਦੂਰੀ ਕਰ ਕੇ ਜੋ ਵੀ ਕਮਾਉਂਦੀ ਰਹੀ, ਚਰਨਾ ਉਹੀ ਖਾਂਦਾ ਰਿਹਾ।
ਗੁਰਚਰਨ ਸਿੰਘ ਦੇ ਗੁਆਂਢੀ ਹਰਬੰਸ ਸਿੰਘ ਨੇ ਕਿਹਾ ਕਿ ਬਾਰ੍ਹਾਂ ਸਾਲਾਂ ਬਾਅਦ ਤਾਂ ਰੱਬ ਰੂੜੀ ਦੀ ਵੀ ਸੁਣ ਲੈਂਦੈ ਪਰ ਉਨ੍ਹਾਂ ਦੇ ਤਾਏ ਹਰਨੇਕ ਸਿੰਘ ਨੂੰ ਪੂਰੇ 25 ਸਾਲ ਹੋ ਚੱਲੇ ਸਨ ਨਰਕ ਭੋਗਦਿਆਂ। ਪਿੰਡ ਦੇ ਸਾਬਕਾ ਸਰਪੰਚ ਰਮੇਸ਼ ਖਿਆਲਾ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਅਤਿ ਦੀ ਆਰਥਿਕ ਤੰਗੀ ਭੋਗ ਰਹੇ ਇਸ ਪਰਿਵਾਰ ਦੀ ਆਰਿਥਕ ਮੱਦਦ ਕੀਤੀ ਜਾਵੇ। ਉਨ੍ਹਾਂ ਸਮਾਜ ਸੇਵੀਆਂ ਨੂੰ ਵੀ ਅਪੀਲ ਕੀਤੀ ਕਿ ਪੜ੍ਹਾਈ ਵਿੱਚ ਰੁਚੀ ਰੱਖਣ ਵਾਲੀਆਂ ਕੁੜੀਆਂ ਅਤੇ ਅਨਾਥ ਹੋਏ ਲੜਕੇ ਦੀ ਬਾਂਹ ਫੜੀ ਜਾਵੇ।