ਨਵਕਿਰਨ ਸਿੰਘ
ਮਹਿਲ ਕਲਾਂ, 13 ਜੂਨ
ਪਿੰਡ ਟਿੱਬਾ ਦੇ ਦਲਿਤ ਵਰਗ ਨਾਲ ਸਬੰਧਤ ਨੌਜਵਾਨ ਦੀ ਮੌਤ ਦੇ ਮਾਮਲੇ ਵਿੱਚ ਥਾਣਾ ਠੁੱਲੀਵਾਲ ਦੀ ਪੁਲੀਸ ਵੱਲੋਂ ਕਥਿਤ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਅੱਜ ਇਲਾਕੇ ਦੇ ਮਜ਼ਦੂਰਾਂ, ਕਿਸਾਨਾਂ ਵੱਲੋਂ ਬਹੁਜਨ ਸਮਾਜ ਪਾਰਟੀ ਤੇ ਜਨਤਕ ਜਥੇਬੰਦੀਆਂ ਦੀ ਅਗਵਾਈ ਹੇਠ ਡੀਐੱਸਪੀ ਦਫ਼ਤਰ ਮਹਿਲ ਕਲਾਂ ਦਾ ਘਿਰਾਓ ਕੀਤਾ ਗਿਆ।
ਇਸ ਮੌਕੇ ਮ੍ਰਿਤਕ ਨੌਜਵਾਨ ਦੇ ਪਰਿਵਾਰ ਵੱਲੋਂ ਦੋਸ਼ ਲਾਇਆ ਗਿਆ ਕਿ ਉਨ੍ਹਾਂ ਦੇ ਪੁੱਤਰ ਦੇ ਕਤਲ ਦੇ ਮਾਮਲੇ ਨੂੰ ਪੁਲੀਸ ਇੱਕ ਸੜਕ ਹਾਦਸਾ ਦੱਸ ਕੇ ਕਥਿਤ ਦੋਸ਼ੀਆਂ ਦਾ ਬਚਾਅ ਕਰ ਰਹੀ ਹੈ। ਇਸ ਮੌਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਗੁਰਵਿੰਦਰ ਸਿੰਘ (27) ਵਾਸੀ ਪਿੰਡ ਟਿੱਬਾ (ਜ਼ਿਲ੍ਹਾ ਸੰਗਰੂਰ) ਲੰਘੀ 5 ਜੂਨ ਦੀ ਰਾਤ ਨੂੰ ਆਪਣੇ ਕੰਮ ਤੋਂ ਪਿੰਡ ਪਰਤ ਰਿਹਾ ਸੀ। ਇਸ ਦੌਰਾਨ ਪਿੰਡ ਹਮੀਦੀ ਤੇ ਠੁੱਲੀਵਾਲ ਵਿਚਾਲੇ ਪੁਰਾਣੇ ਸ਼ੈਲਰ ਨੇੜੇ 5-6 ਨੌਜਵਾਨਾਂ ਨੇ ਉਸ ਨੂੰ ਗੁੱਝੀਆਂ ਸੱਟਾਂ ਮਾਰੀਆਂ। ਉਸ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਪਹਿਲਾਂ ਬਰਨਾਲਾ ਹਸਪਤਾਲ ਤੇ ਫਿਰ ਪਟਿਆਲਾ ਅਤੇ ਬਾਅਦ ਵਿਚ ਪੀਜੀਆਈ ਚੰਡੀਗੜ੍ਹ ਲਿਜਾਂਦਾ ਗਿਆ ਪਰ 11 ਜੂਨ ਨੂੰ ਚੰਡੀਗੜ੍ਹ ਵਿੱਚ ਉਸ ਦੀ ਮੌਤ ਹੋ ਗਈ।
ਇਸ ਮੌਕੇ ਸੰਬੋਧਨ ਕਰਦਿਆਂ ਬਸਪਾ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਖੇੜੀ, ਹਲਕਾ ਜਨਰਲ ਸਕੱਤਰ ਏਕਮ ਸਿੰਘ ਛੀਨੀਵਾਲ, ਹਰਬੰਸ ਸਿੰਘ ਛੀਨੀਵਾਲ, ਸੋਮਾ ਸਿੰਘ ਗੰਡੇਵਾਲ, ਸਾਬਕਾ ਸਰਪੰਚ ਬਲਦੇਵ ਸਿੰਘ, ਪੀਆਰਟੀਸੀ ਯੂਨੀਅਨ ਆਗੂ ਪਰਮਿੰਦਰ ਸਿੰਘ ਆਦਿ ਨੇ ਕਿਹਾ ਕਿ ਇਨਸਾਫ਼ ਪ੍ਰਾਪਤੀ ਲਈ 15 ਮੈਂਬਰੀ ਐਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ ਹੈ। ਐਕਸ਼ਨ ਕਮੇਟੀ ਅਨੁਸਾਰ ਕਥਿਤ ਦੋਸ਼ੀਆਂ ਖ਼ਿਲਾਫ਼ ਪੁਲੀਸ ਕਾਰਵਾਈ ਹੋਣ ਉਪਰੰਤ ਹੀ ਮ੍ਰਿਤਕ ਨੌਜਵਾਨ ਦਾ ਪੋਸਟ ਮਾਰਟਮ ਕਰਵਾਇਆ ਜਾਵੇਗਾ ਅਤੇ ਅੰਤਿਮ ਸਸਕਾਰ ਕੀਤਾ ਜਾਵੇਗਾ।
ਕੀ ਕਹਿੰਦੇ ਨੇ ਅਧਿਕਾਰੀ
ਡੀਐੱਸਪੀ ਮਹਿਲ ਕਲਾਂ ਕੁਲਦੀਪ ਸਿੰਘ ਨੇ ਕਿਹਾ ਕਿ ਭਲਕੇ ਦੋਹਾਂ ਧਿਰਾਂ ਨੂੰ ਸੱਦਿਆ ਗਿਆ ਹੈ ਤੇ ਇਸ ਹਾਦਸੇ ਦੀ ਡੂੰਘਾਈ ਨਾਲ ਹਰ ਪੱਖ ਤੋਂ ਜਾਂਚ ਕੀਤੀ ਜਾਵੇਗੀ।