ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 13 ਜੂਨ
ਬੇਰੁਗਜ਼ਾਰੀ ਦੇ ਝੰਬੇ ਲੋਕਾਂ ਨੂੰ ਆਰਥਿਕ ਤੰਗੀ ਕਾਰਨ ਤਰ੍ਹਾਂ-ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੀ ਪ੍ਰਤੱਖ ਮਿਸਾਲ ਕਸਬਾ ਸ਼ਹਿਣਾ ਦੇ ਪੱਖੋ ਬਸਤੀ (ਪੱਖੋਕੇ ਵਾਲਾ ਰਸਤਾ) ਦੀ 28 ਸਾਲਾ ਲੜਕੀ ਵੀਰਪਾਲ ਕੌਰ ਪੁੱਤਰੀ ਕੁਲਦੀਪ ਸਿੰਘ ਤੋਂ ਮਿਲਦੀ ਹੈ। ਵੀਰਪਾਲ ਕੌਰ ਬੀ.ਕਾਮ ਪਾਸ ਹੈ ਪ੍ਰੰਤੂ ਕੋਈ ਨੌਕਰੀ ਨਾ ਮਿਲਣ ਕਾਰਨ ਇਸ ਵੇਲੇ ਹੋਰਾਂ ਦੇ ਖੇਤਾਂ ਵਿਚ ਝੋਨਾ ਲਾਉਣ ਲਈ ਮਜਬੂਰ ਹੈ। ਵੀਰਪਾਲ ਨੇ ਢਿੱਲਵਾਂ ਦੇ ਸਰਕਾਰੀ ਕਾਲਜ ਤੋਂ ਬੀ.ਕਾਮ ਕੀਤੀ ਹੈ। ਰੁਜ਼ਗਾਰ ਲਈ ਚਾਰਾਜੋਈ ਕੀਤੀ ਪ੍ਰੰਤੂ ਸਰਕਾਰੀ ਨੌਕਰੀ ਤਾਂ ਕੀ ਮਿਲਣੀ ਸੀ ਬਲਕਿ ਪ੍ਰਾਈਵੇਟ ਸੈਕਟਰ ਵਿਚ ਵੀ ਉਸ ਦੀ ਮਿਹਨਤ ਦਾ ਮੁੱਲ ਨਹੀਂ ਪਿਆ। ਦਲਿਤ ਪਰਿਵਾਰ ਨਾਲ ਸਬੰਧਤ ਇਸ ਲੜਕੀ ਨੇ ਹੁਣ ਆਪਣੇ ਪਿਤਾ ਨਾਲ ਜਾ ਕੇ ਹੋਰਾਂ ਦੇ ਖੇਤਾਂ ਵਿੱਚ ਝੋਨਾ ਲਾਉਣਾ ਸ਼ੁਰੂ ਕਰ ਦਿੱਤਾ ਹੈ। ਵੀਰਪਾਲ ਕੌਰ ਨੇ ਦੱਸਿਆ ਕਿ ਘਰ ਦੀ ਆਰਥਿਕ ਤੰਗ ਕਾਰਨ ਉਹ ਆਪਣੇ ਪਰਿਵਾਰ ਨਾਲ ਦਿਹਾੜੀ ’ਤੇ ਜਾਣ ਅਤੇ ਝੋਨਾ ਲਾਉਣ ਲਈ ਮਜਬੂਰ ਹੈ। ਲੜਕੀ ਦੇ ਪਿਤਾ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਧੀ ਨੂੰ ਪੜ੍ਹਾਇਆ ਤਾਂ ਜੋ ਉਹ ਆਪਣੇ ਚੰਗੇ ਭਵਿੱਖ ਲਈ ਨੌਕਰੀ ਕਰ ਸਕੇ ਪ੍ਰੰਤੂ ਕਿਸੇ ਪਾਸੇ ਕੋਈ ਨੌਕਰੀ ਨਾ ਮਿਲਣ ਕਾਰਨ ਪਰਿਵਾਰ ਦੀ ਆਰਥਿਕ ਤੰਗੀ ਉਸੇ ਤਰ੍ਹਾਂ ਬਰਕਰਾਰ ਰਹੀ। ਖੇਤ ਦੇ ਮਾਲਕ ਕਿਸਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਜਦੋਂ ਐਨਾ ਪੜ੍ਹ-ਲਿਖ ਕੇ ਵੀ ਕੁੜੀਆਂ ਨੇ ਝੋਨਾ ਹੀ ਲਾਉਣਾ ਹੈ ਤਾਂ ਅਜਿਹੀ ਪੜ੍ਹਾਈ ਦਾ ਕੋਈ ਫਾਇਦਾ ਨਹੀਂ ਹੈ।