ਪੱਤਰ ਪ੍ਰੇਰਕ
ਫਰੀਦਾਬਾਦ, 14 ਜੂਨ
ਸੁਪਰੀਮ ਕੋਰਟ ਦੇ ਆਦੇਸ਼ਾਂ ਅਨੁਸਾਰ ਖੋਰੀ ਪਿੰਡ ਵਿੱਚ ਬਣੇ ਗ਼ੈਰਕਾਨੂੰਨੀ ਮਕਾਨਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਢਾਹਿਆ ਜਾਣਾ ਹੈ। ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੌਰਾਨ ਅਮਨ-ਕਾਨੂੰਨ ਨੂੰ ਕਾਇਮ ਰੱਖਣ ਲਈ ਪੁਲੀਸ ਕਮਿਸ਼ਨਰ ਓ.ਪੀ. ਸਿੰਘ ਨੇ ਡਿਪਟੀ ਪੁਲੀਸ ਕਮਿਸ਼ਨਰ ਐਨਆਈਟੀ ਡਾ. ਅੰਸ਼ੂ ਸਿੰਗਲਾ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।
ਇਸ ਦੇ ਤਹਿਤ ਅੱਜ ਡਿਪਟੀ ਪੁਲੀਸ ਕਮਿਸ਼ਨਰ ਐਨਆਈਟੀ ਡਾ. ਅੰਸ਼ੂ ਸਿੰਗਲਾ ਨੇ ਪੁਲੀਸ ਅਮਲੇ ਨੂੰ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਤੇ ਸਥਿਤੀ ਨੂੰ ਕਿਵੇਂ ਨਜਿੱਠਣ ਲਈ ਜ਼ਰੂਰੀ ਨਿਰਦੇਸ਼ ਦਿੱਤੇ ਹਨ। ਡਾ. ਅੰਸ਼ੂ ਸਿੰਗਲਾ ਨੇ ਕਿਹਾ ਕਿ ਪੁਲੀਸ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ ਤਾਂ ਜੋ ਖੋਰੀ ਪਿੰਡ ਵਿੱਚ ਹੋ ਰਹੇ ਕਬਜ਼ੇ ਹਟਾਏ ਜਾਣ ਦੌਰਾਨ ਅਮਨ-ਕਾਨੂੰਨ ਨੂੰ ਕਿਸੇ ਵੀ ਤਰ੍ਹਾਂ ਭੰਗ ਨਾ ਕੀਤਾ ਜਾਵੇ। ਕਬਜ਼ੇ ਹਟਾਉਣ ਦੌਰਾਨ ਸਾਰੇ ਪੁਲੀਸ ਕਰਮਚਾਰੀ ਕਿਸੇ ਵੀ ਸਥਿਤੀ ਨੂੰ ਦੂਰ ਕਰਨ ਲਈ ਐਂਟੀ-ਰਾਈਟ ਸਾਜ਼ੋ-ਸਾਮਾਨ ਨਾਲ ਤਾਇਨਾਤ ਕੀਤੇ ਜਾਣਗੇ।
ਜੇਕਰ ਡਿਊਟੀ ’ਤੇ ਮੌਜੂਦ ਕੋਈ ਵੀ ਪੁਲੀਸ ਮੁਲਾਜ਼ਮ ਕੋਈ ਜਾਣਕਾਰੀ ਪ੍ਰਾਪਤ ਕਰਦਾ ਹੈ ਤਾਂ ਉਹ ਤੁਰੰਤ ਇਸ ਸਬੰਧ ਵਿਚ ਆਪਣੇ ਉੱਚ ਅਧਿਕਾਰੀ ਨੂੰ ਸੂਚਿਤ ਕਰੇਗਾ ਤਾਂ ਜੋ ਮੌਕੇ ‘ਤੇ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜੇ ਕੋਈ ਸਮਾਜ ਵਿਰੋਧੀ ਅਨਸਰ ਕਬਜ਼ੇ ਹਟਾਉਣ ਦੌਰਾਨ ਕਿਸੇ ਕਿਸਮ ਦੀ ਅਰਾਜਕਤਾ ਕਰਦੇ ਪਾਇਆ ਗਿਆ ਤਾਂ ਪੁਲੀਸ ਉਸ ਵਿਰੁੱਧ ਕਾਨੂੰਨ ਤਹਿਤ ਬਣਦੀ ਕਾਰਵਾਈ ਕਰੇਗੀ।