ਰਤਨ ਸਿੰਘ ਢਿੱਲੋਂ
ਅੰਬਾਲਾ, 14 ਜੂਨ
ਇਥੋਂ ਦੇ ਮਿੱਠਾਪੁਰ ਪਿੰਡ ਦਾ 26 ਸਾਲਾ ਨਰਿੰਦਰ ਸਿੰਘ ਬੜੇ ਸੰਘਰਸ਼ ਤੋਂ ਬਾਅਦ ਫੌਜ ਵਿਚ ਲੈਫਟੀਨੈਂਟ ਬਣ ਗਿਆ ਹੈ। ਵਿਰੋਧੀ ਹਾਲਾਤ ਵਿਚ ਅਸਫਲ ਹੋਣ ਦੇ ਬਾਵਜੂਦ ਉਸ ਨੇ ਹਿੰਮਤ ਨਹੀਂ ਹਾਰੀ। ਨਰਿੰਦਰ ਨੇ ਦੱਸਿਆ ਕਿ ਉਸ ਦੇ ਪਿਤਾ ਜੁਗਿੰਦਰ ਸਿੰਘ ਆਟੋ ਚਲਾਉਂਦੇ ਸਨ। ਜਦੋਂ ਉਹ 14 ਸਾਲ ਦਾ ਸੀ ਤਾਂ ਪਿਤਾ ਦੀ ਦਿਲ ਦੀ ਹਰਕਤ ਬੰਦ ਹੋਣ ਕਰਕੇ ਮੌਤ ਹੋ ਗਈ ਅਤੇ ਘਰ ਦਾ ਗੁਜ਼ਾਰਾ ਚਲਾਉਣ ਤੇ ਉਸ ਨੂੰ ਪੜ੍ਹਾਉਣ ਲਈ ਭਰਾ ਉਂਕਾਰ ਸਿੰਘ ਨੇ 10ਵੀਂ ਜਮਾਤ ਦੀ ਪੜ੍ਹਾਈ ਵਿਚਾਲੇ ਛੱਡ ਕੇ ਆਟੋ ਚਲਾਉਣਾ ਸ਼ੁਰੂ ਕਰ ਦਿੱਤਾ। ਉਸ ਦੇ ਪਿਤਾ ਦੀ ਖਾਹਿਸ਼ ਸੀ ਕਿ ਬੇਟਾ ਫੌਜ ਵਿਚ ਜਾਵੇ। ਉਸ ਦੇ ਅਧਿਆਪਕਾਂ ਅਤੇ ਵਿਸ਼ੇਸ਼ ਕਰਕੇ ਪ੍ਰਿੰਸੀਪਲ ਰੇਣੂ ਗੁਪਤਾ ਨੇ ਉਸ ਨੂੰ ਉਤਸ਼ਾਹਿਤ ਕੀਤਾ। ਉਸ ਨੇ ਬੀ-ਟੈਕ ਏਅਰੋਨਾਟੀਕਲ ਦਾ ਇਮਤਿਹਾਨ 81 ਫੀਸਦ ਅੰਕਾਂ ਨਾਲ ਪਾਸ ਕਰ ਲਿਆ। ਘਰ ਵਾਪਸ ਆ ਕੇ ਉਹ ਸਵੇਰੇ ਅੰਬਾਲਾ ਜੀਪੀਓ ਵਿਚ ਗ੍ਰਾਮੀਣ ਡਾਕ ਸੇਵਕ ਵਜੋਂ ਕੰਮ ਕਰਦਾ ਅਤੇ ਸ਼ਾਮ ਨੂੰ ਟਿਊਸ਼ਨਾਂ ਪੜ੍ਹਾਉਂਦਾ ਸੀ ਤੇ ਨਾਲ ਦੀ ਨਾਲ ਉਹ ਡਿਫੈਂਸ ਲਈ ਪੇਪਰ ਦੀ ਤਿਆਰੀ ਵੀ ਕਰਦਾ ਰਿਹਾ। ਉਸ ਨੇ 2018 ਤੋਂ 2020 ਤੱਕ 12 ਵਾਰ ਇੰਡੀਅਨ ਆਰਮੀ ਅਤੇ ਨੇਵੀ ਵਿਚ ਵੱਖ ਵੱਖ ਅਹੁਦਿਆਂ ਲਈ ਇਮਤਿਹਾਨ ਦਿੱਤੇ ਅਤੇ ਅਖੀਰ 2020 ਵਿਚ ਉਸ ਦੀ ਇੰਡੀਅਨ ਮਿਲਟਰੀ ਅਕੈਡਮੀ ਵਿਚ ਚੋਣ ਹੋ ਗਈ। ਨਰਿੰਦਰ ਸਿੰਘ ਆਪਣੀ ਸਫਲਤਾ ਦਾ ਸਿਹਰਾ ਮਾਂ ਭੁਪਿੰਦਰ ਕੌਰ, ਪਿਤਾ ਮਰਹੂਮ ਜੋਗਿੰਦਰ ਸਿੰਘ, ਭਰਾ ਉਂਕਾਰ ਸਿੰਘ ਅਤੇ ਕਰਨਲ ਰਾਜ ਕਿਸ਼ਨ ਗੁਪਤਾ ਨੂੰ ਦਿੰਦਾ ਹੈ।