ਪੱਤਰ ਪ੍ਰੇਰਕ
ਕਾਲਾਂਵਾਲੀ, 14 ਜੂਨ
ਪਿੰਡ ਫੱਗੂ ਵਿੱਚ ਹਰਿਆਣਾ ਪੁਲੀਸ ਦੇ ਇੱਕ ਮੁਲਾਜ਼ਮ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਸੂਚਨਾ ਮਿਲਣ ’ਤੇ ਥਾਣਾ ਰੋੜੀ ਪੁਲੀਸ ਮੌਕੇ ਉੱਤੇ ਪਹੁੰਚੀ ਅਤੇ ਲਾਸ਼ ਆਪਣੇ ਕਬਜ਼ੇ ਵਿੱਚ ਲਈ। ਦੁਪਹਿਰ ਬਾਅਦ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਗਈ। ਜਾਣਕਾਰੀ ਅਨੁਸਾਰ ਪਿੰਡ ਫੱਗੂ ਵਾਸੀ ਬੁੱਧ ਸਿੰਘ ਹਰਿਆਣਾ ਪੁਲੀਸ ਵਿੱਚ ਹਵਲਦਾਰ ਦੇ ਅਹੁਦੇ ’ਤੇ ਇਨ੍ਹੀਂ ਦਿਨੀਂ ਫਤਿਆਬਾਦ ਪੁਲੀਸ ਲਾਈਨ ਵਿੱਚ ਤਾਇਨਾਤ ਸੀ ਪਰ ਪਿਛਲੇ ਕਈ ਦਿਨਾਂ ਤੋਂ ਡਿਊਟੀ ਤੋਂ ਗੈਰਹਾਜ਼ਰ ਚੱਲ ਰਿਹਾ ਸੀ। ਦੱਸਿਆ ਜਾਂਦਾ ਹੈ ਕਿ ਉਸਦਾ ਆਪਣੀ ਪਤਨੀ ਨਾਲ ਗੁੱਸਾ ਗਿਲਾ ਚੱਲ ਰਿਹਾ ਸੀ ਤੇ ਉਹ ਆਪਣੇ ਪੁੱਤਰ ਨਾਲ ਪੇਕੇ ਰਹਿ ਰਹੀ ਸੀ। ਬੀਤੀ ਰਾਤ ਬੁੱਧ ਸਿੰਘ ਨੇ ਜ਼ਿਆਦਾ ਤਣਾਅ ਕਾਰਨ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮਿ੍ਤਕ ਦੇ ਘਰ ਵਾਲਿਆਂ ਦਾ ਕਹਿਣਾ ਹੈ ਕਿ ਬੁੱਧ ਸਿੰਘ ਨੇ ਬੈਂਕ ਤੋਂ ਕਰਜ਼ਾ ਲਿਆ ਹੋਇਆ ਸੀ ਤੇ ਇਸ ਮਾਮਲੇ ਵਿੱਚ ਉਸ ਨੂੰ ਸੰਮਨ ਆਇਆ ਹੋਇਆ ਸੀ। ਬੁੱਧ ਸਿੰਘ ਨੇ ਕੁਝ ਦਿਨ ਪਹਿਲਾਂ ਆਪਣਾ ਮਕਾਨ ਵੀ ਵੇਚ ਦਿੱਤਾ ਸੀ। ਥਾਣਾ ਮੁਖੀ ਸੁਧੀਰ ਸਿੰਘ ਦਾ ਕਹਿਣਾ ਹੈ ਕਿ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕਰ ਕੇ ਕਾਰਵਾਈ ਕੀਤੀ ਜਾਵੇਗੀ।