ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਜੂਨ
ਪੰਜਾਬ ਦੇ ਲੇਖਕਾਂ ਨੇ ਪ੍ਰਗਤੀਸ਼ੀਲ ਲੇਖਕ ਸੰਘ ਅਤੇ ਫ਼ੋਕਲੋਰ ਰਿਸਰਚ ਅਕੈਡਮੀ ਦੀ ਅਗਵਾਈ ਹੇਠ ਗਾਜ਼ੀਪੁਰ, ਸਿੰਘੂ ਅਤੇ ਟਿਕਰੀ ਦੇ ਕਿਸਾਨ ਮੋਰਚਿਆਂ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
ਅੰਮ੍ਰਿਤਸਰ, ਜਲੰਧਰ, ਬਠਿੰਡਾ, ਫਗਵਾੜਾ, ਲੁਧਿਆਣਾ, ਪਟਿਆਲਾ ਅਤੇ ਚੰਡੀਗੜ੍ਹ ਦੇ 50 ਦੇ ਕਰੀਬ ਲੇਖਕਾਂ ਨੇ ਕਿਸਾਨ ਸੰਘਰਸ਼ ਲਈ ਦਵਾਈਆਂ, ਸੈਨੇਟਾਈਜ਼ਰ, ਪੁਸਤਕਾਂ ਅਤੇ ਹੋਰ ਲੋੜੀਂਦੀਆਂ ਚੀਜ਼ਾਂ ਭੇਟ ਕੀਤੀਆਂ ਅਤੇ ਕਿਸਾਨ ਮੋਰਚਿਆਂ ਵਿੱਚ ਮੰਚਾਂ ਤੋਂ ਆਪਣੇ ਗੀਤਾਂ, ਕਵਿਤਾਵਾਂ ਅਤੇ ਭਾਸ਼ਣਾਂ ਰਾਹੀਂ ਹਾਜ਼ਰੀ ਲਵਾਈ। ਗਾਜ਼ੀਪੁਰ ਕਿਸਾਨ ਮੋਰਚੇ ਵਿੱਚ ਵਿਚਾਰ-ਚਰਚਾ ਦੇ ਨਾਲ ਲੇਖਕਾਂ ਨੇ ਕਵੀ ਦਰਬਾਰ ਵੀ ਕੀਤਾ, ਜਿਸ ਵਿੱਚ ਉੱਤਰਾਖੰਡ ਦੇ ਪ੍ਰਸਿੱਧ ਲੋਕ ਕਵੀ ਬੱਲੀ ਸਿੰਘ ਚੀਮਾ, ਸੁਰਜੀਤ ਜੱਜ, ਸੱਤਪਾਲ ਭੀਖੀ, ਅਰਵਿੰਦਰ ਕੌਰ ਕਾਕੜਾ, ਕੁਲਦੀਪ ਸਿੰਘ ਦੀਪ, ਗੁਲਜ਼ਾਰ ਪੰਧੇਰ, ਜਸਵੀਰ ਝੱਜ, ਸੰਤ ਸਿੰਘ ਸੋਹਲ, ਨਰਿੰਦਰਪਾਲ ਕੌਰ, ਇਕਬਾਲ ਸੋਮੀਆਂ, ਡਾ. ਦਰਸ਼ਨ ਕੌਰ, ਜਸਪਾਲ ਮਾਨਖੇੜਾ, ਹਰਜੀਤ ਸਰਕਾਰੀਆ, ਮਨਜੀਤ ਸਿੰਘ ਧਾਲੀਵਾਲ, ਡਾ. ਗੁਰਮੇਲ ਸੰਘ, ਅੰਮ੍ਰਿਤਪਾਲ ਬੰਗੇ, ਦਿਲਬਾਗ ਸਿੰਘ ਨੇ ਆਪਣੀਆਂ ਇਨਕਲਾਬੀ ਕਵਿਤਾਵਾਂ ਸੁਣਾਈਆਂ। ਉੱਤਰਾਖੰਡ ਦੇ ਕਿਸਾਨ ਆਗੂ ਬਲਜਿੰਦਰ ਸਿੰਘ ਮਾਨ ਨੇ ਇਸ ਕਵੀ ਦਰਬਾਰ ਦੀ ਪ੍ਰਧਾਨਗੀ ਕੀਤੀ।
ਪ੍ਰਸਿੱਧ ਨਾਟ ਕਰਮੀ ਡਾ. ਸਾਹਿਬ ਸਿੰਘ, ਪ੍ਰੋ. ਸੁਰਜੀਤ ਜੱਜ, ਰਮੇਸ਼ ਯਾਦਵ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਦੀ ਅਗਵਾਈ ਹੇਠ ਲੇਖਕਾਂ ਨੇ ਗਾਜ਼ੀਪੁਰ ਮੋਰਚੇ ਵਿੱਚ ਕਿਸਾਨ ਆਗੂ ਰਾਕੇਸ਼ ਟਿਕੈਤ, ਇਕਬਾਲ ਸਿੰਘ ਨਾਨਕਪੁਰੀਆ, ਬਲਜਿੰਦਰ ਸਿੰਘ ਮਾਨ, ਭੁਪਿੰਦਰ ਸਿੰਘ ਬੰਟੀ, ਜਤਿੰਦਰ ਸਿੰਘ ਵਿਰਕ ਨਾਲ ਮੋਰਚੇ ਬਾਰੇ ਵਿਚਾਰ ਚਰਚਾ ਕੀਤੀ ਅਤੇ ਸ਼ਹੀਦ ਭਗਤ ਸਿੰਘ ਦੀਆਂ ਸਮੁੱਚੀਆਂ ਲਿਖਤਾਂ (ਹਿੰਦੀ ’ਚ) ਅਤੇ ਹੋਰ ਪੁਸਤਕਾਂ ਵੀ ਭੇਟ ਕੀਤੀਆਂ। ਲੇਖਕਾਂ ਨੇ ਭਵਿੱਖ ਵਿੱਚ ਵੀ ਕਿਸਾਨ ਅੰਦੋਲਨ ਦੀ ਭਰਵੀਂ ਹਮਾਇਤ ਦਾ ਵਾਅਦਾ ਕੀਤਾ। ਤਿਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੀਆਂ ਮਜ਼ਦੂਰ, ਕਿਸਾਨ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਕਾਰਕੁਨਾਂ ਨੇ ਆਪਣੇ ਲੋਕ ਸੰਗੀਤਾਂ ਦੀ ਪੇਸ਼ਕਾਰੀ ਦਿੱਤੀ। ਡਾ. ਸੁਖਦੇਵ ਸਿੰਘ ਸਿਰਸਾ ਨੇ ਇਨ੍ਹਾਂ ਜਥੇਬੰਦੀਆਂ ਦੇ ਕਾਰਕੁਨਾਂ ਨੂੰ ਸੰਬੋਧਨ ਕੀਤਾ।