ਕੇ.ਪੀ. ਸਿੰਘ
ਗੁਰਦਾਸਪੁਰ, 15 ਜੂਨ
ਲੋਕਾਂ ਨਾਲ ਕਰੋੜਾਂ ਦੀ ਠੱਗੀ ਮਾਰਨ ਵਾਲੀ ਕਿਮ ਕੰਪਨੀ ਦੇ ਪੰਜ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਹੋਣ ਤੋਂ ਬਾਅਦ ਪੁਲੀਸ ਨੇ ਕੁਝ ਦਿਨ ਪਹਿਲਾਂ ਕੰਪਨੀ ਦੇ ਡਾਇਰੈਕਟਰ ਗੁਰਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਅੱਜ ਉਸ ਦਾ ਤਿੰਨ ਦਿਨਾਂ ਪੁਲੀਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਪੁਲੀਸ ਨੇ ਫਿਰ ਤਿੰਨ ਦਿਨਾਂ ਦਾ ਰਿਮਾਂਡ ਹਾਸਲ ਕਰ ਲਿਆ। ਕਿਮ ਕੰਪਨੀ ਵੱਲੋਂ ਠੱਗੇ ਗਏ ਸੈਂਕੜੇ ਲੋਕ ਇਸ ਸਬੰਧੀ ਜਾਣਕਾਰੀ ਮਿਲਣ ’ਤੇ ਅਦਾਲਤ ਕੰਪਲੈਕਸ ਵਿੱਚ ਇਕੱਤਰ ਹੋਏ ਅਤੇ ਕੰਪਨੀ ਦੇ ਮਾਲਕ ਤੇ ਹੋਰਾਂ ਵਿਰੁੱਧ ਨਾਅਰੇਬਾਜ਼ੀ ਕਰਨ ਦੇ ਨਾਲ ਸ਼ਹਿਰ ਵਿੱਚ ਰੋਸ ਮਾਰਚ ਕੀਤਾ।
ਦੱਸਣਯੋਗ ਹੈ ਕਿ ਬੀਤੀ 21 ਅਪਰੈਲ ਨੂੰ ਸਰਵਜੀਤ ਸਿੰਘ ਵਾਸੀ ਨੌਸ਼ਹਿਰਾ (ਪੁਰਾਣਾ ਸ਼ਾਲਾ) ਦੇ ਬਿਆਨਾਂ ’ਤੇ ਕੰਪਨੀ ਮਾਲਕ ਅਤੇ ਹੋਰ ਡਾਇਰੈਕਟਰਾਂ ਸਮੇਤ ਕੰਪਨੀ ਦੇ ਪੰਜ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਪੁਲੀਸ ਨੇ ਮੁਲਜ਼ਮ ਗੁਰਦੀਪ ਸਿੰਘ ਵਾਸੀ ਨਿੱਕਾ ਸਿੰਘ ਕਾਲੋਨੀ, ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਨੂੰ ਕੰਪਨੀ ਦਾ ਡਾਇਰੈਕਟਰ ਦੱਸਿਆ ਜਾਂਦਾ ਹੈ। ਗ੍ਰਿਫ਼ਤਾਰੀ ਤੋਂ ਬਾਅਦ ਪੁਲੀਸ ਨੇ ਮੁਲਜ਼ਮ ਦਾ ਅਦਾਲਤ ਵਿੱਚੋਂ ਤਿੰਨ ਦਿਨ ਦਾ ਪੁਲੀਸ ਰਿਮਾਂਡ ਲੈ ਲਿਆ ਸੀ। ਮੰਗਲਵਾਰ ਨੂੰ ਰਿਮਾਂਡ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਉਸ ਨੂੰ ਫਿਰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਵਿੱਚ ਪੇਸ਼ ਕੀਤੇ ਜਾਣ ਤੋਂ ਬਾਅਦ ਉਸ ਨੂੰ ਫਿਰ ਤੋਂ ਤਿੰਨ ਦਿਨਾਂ ਲਈ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ। ਜਦੋਂ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤੇ ਜਾਣ ਦੀ ਖ਼ਬਰ ਠੱਗੇ ਗਏ ਲੋਕਾਂ ਤੱਕ ਪਹੁੰਚੀ ਉਹ ਨਹਿਰੂ ਪਾਰਕ ਵਿੱਚ ਇਕੱਠੇ ਹੋਣ ਮਗਰੋਂ ਰੋਸ ਮਾਰਚ ਕਰਦਿਆਂ ਕੋਰਟ ਕੰਪਲੈਕਸ ਪਹੁੰਚੇ। ਉੱਥੇ ਉਕਤ ਲੋਕਾਂ ਨੇ ਮੁਲਜ਼ਮ ਗੁਰਦੀਪ ਸਿੰਘ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੂਜੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਇਸ ਮਗਰੋਂ ਪੀੜਤ ਥਾਣਾ ਸਿਟੀ ਪਹੁੰਚੇ ਅਤੇ ਥਾਣਾ ਸਿਟੀ ਦੇ ਇੰਚਾਰਜ ਅਤੇ ਡੀਐੱਸਪੀ ਨਾਲ ਮਿਲ ਕੇ ਉਨ੍ਹਾਂ ਤੋਂ ਮੰਗ ਕੀਤੀ ਕਿ ਮੁਲਜ਼ਮ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਕਿਮ ਕੰਪਨੀ ਦੀ ਜਿੱਥੇ ਵੀ ਜਾਇਦਾਦ ਹੈ, ਉਸ ਦੀ ਵਿਕਰੀ ਨੂੰ ਰੋਕਿਆ ਜਾਵੇ। ਇਸ ਤੋਂ ਬਾਅਦ ਥਾਣਾ ਮੁਖੀ ਜਬਰਜੀਤ ਸਿੰਘ ਤੇ ਡੀਐੱਸਪੀ ਨੇ ਉਸ ਨੂੰ ਭਰੋਸਾ ਦਿੱਤਾ ਕਿ ਪੁਲੀਸ ਬਣਦੀ ਕਾਰਵਾਈ ਕਰੇਗੀ।