ਨਵੀਂ ਦਿੱਲੀ, 16 ਜੂਨ
ਕੇਂਦਰੀ ਕੈਬਨਿਟ ਨੇ ਡੀਏਪੀ ਅਤੇ ਕੁਝ ਹੋਰ ਗ਼ੈਰ-ਯੂਰੀਆ ਖਾਦਾਂ ਲਈ ਸਬਸਿਡੀ ਵਧਾ ਦਿੱਤੀ ਹੈ ਜਿਸ ਨਾਲ ਸਰਕਾਰੀ ਖ਼ਜ਼ਾਨੇ ’ਤੇ 14,775 ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ। ਸਰਕਾਰ ਦੇ ਇਸ ਕਦਮ ਨਾਲ ਕਿਸਾਨਾਂ ਨੂੰ ਮਹਾਮਾਰੀ ਦੌਰਾਨ ਰਾਹਤ ਮਿਲਣ ਦੀ ਸੰਭਾਵਨਾ ਜਤਾਈ ਗਈ ਹੈ। ਪਿਛਲੇ ਮਹੀਨੇ ਕੇਂਦਰ ਨੇ ਡੀਏਪੀ ਖਾਦ ’ਤੇ ਸਬਸਿਡੀ 140 ਫ਼ੀਸਦ ਵਧਾਉਣ ਦਾ ਫ਼ੈਸਲਾ ਕੀਤਾ ਸੀ। ਰਸਾਇਣਾਂ ਅਤੇ ਖਾਦਾਂ ਬਾਰੇ ਕੇਂਦਰੀ ਰਾਜ ਮੰਤਰੀ ਮਨਸੁਖ ਮੰਡਾਵੀਆ ਨੇ ਕਿਹਾ ਕਿ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਕਿਸਾਨਾਂ ਦੇ ਲਾਭ ਲਈ ਡੀਏਪੀ ਖਾਦ ’ਤੇ ਸਬਸਿਡੀ ਦੀ ਕੀਮਤ ਵਧਾਉਣ ਨੂੰ ਪ੍ਰਵਾਨਗੀ ਦਿੱਤੀ ਹੈ। ਉਨ੍ਹਾਂ ਕਿਹਾ,‘‘ਕਿਸਾਨਾਂ ਨੂੰ ਡੀਏਪੀ ਖਾਦ ਦਾ ਥੈਲਾ ਪੁਰਾਣੇ ਰੇਟ 1200 ਰੁਪਏ ’ਤੇ ਹੀ ਮਿਲੇਗਾ। ਕਿਸਾਨਾਂ ਨੂੰ ਰਾਹਤ ਦੇਣ ਲਈ ਪ੍ਰਤੀ ਥੈਲੇ ’ਤੇ ਸਬਸਿਡੀ 500 ਰੁਪੲੇ ਤੋਂ ਵਧਾ ਕੇ 1200 ਰੁਪਏ ਕਰ ਦਿੱਤੀ ਗਈ ਹੈ।’’ -ਏਜੰਸੀ