ਦਵਿੰਦਰ ਸਿੰਘ ਭੰਗੂ
ਰਈਆ, 15 ਜੂਨ
ਪੰਜਾਬ ਸਰਕਾਰ ਵੱਲੋਂ ਆਸ਼ਾ, ਮਿਡ-ਡੇਅ ਮੀਲ ਅਤੇ ਜੰਗਲਾਤ ਵਰਕਰਾਂ ਸਮੇਤ ਹੋਰ ਕੱਚੇ ਤੇ ਕੰਟਰੈਕਟ ਅਧਿਆਪਕਾਂ ਤੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅੱਖੋਂ-ਪਰੋਖੇ ਕਰਨ ਵਿਰੁੱਧ ਅੱਜ ਇੱਥੇ ‘ਮਾਣਭੱਤਾ, ਕੱਚਾ-ਕੰਟਰੈਕਟ ਮੁਲਾਜ਼ਮ ਮੋਰਚੇ’ ਵੱਲੋਂ ਸਰਬਜੀਤ ਕੌਰ ਛੱਜਲਵੱਡੀ, ਹਰਿੰਦਰ ਐਮਾਂ ਅਤੇ ਸਰਬਜੀਤ ਕੌਰ ਭੋਰਛੀ ਦੀ ਅਗਵਾਈ ਹੇਠ ਕੱਚੇ ਵਰਕਰਾਂ ਨੇ ਰੈਲੀ ਕਰਕੇ ਕਸਬੇ ਵਿੱਚ ਰੋਸ ਮਾਰਚ ਕੀਤਾ ਅਤੇ ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ।
ਰੈਲੀ ਨੂੰ ਸੰਬੋਧਨ ਕਰਦੇ ਹੋਏ ਪਰਮਜੀਤ ਕੌਰ ਮਾਨ, ਮਮਤਾ ਸ਼ਰਮਾ, ਰਛਪਾਲ ਸਿੰਘ ਜੋਧਾ ਨਗਰੀ, ਡੀ.ਐਮ.ਐਫ. ਦੇ ਜਨਰਲ ਸਕੱਤਰ ਜਰਮਨਜੀਤ ਸਿੰਘ ਅਤੇ ਅਸ਼ਵਨੀ ਅਵਸਥੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਸ਼ਾ ਵਰਕਰਾਂ, ਫੈਸੀਲਿਟੇਟਰ, ਮਿਡ-ਡੇਅ ਮੀਲ ਵਰਕਰਾਂ ਅਤੇ ਜੰਗਲਾਤ ਵਰਕਰਾਂ ਸਮੇਤ ਸਮੂਹ ਕੱਚੇ ਤੇ ਠੇਕਾ ਮੁਲਾਜ਼ਮਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ 2017 ਵਿੱਚ ਸਰਕਾਰ ਬਣਦਿਆਂ ਹੀ 27000 ਕੱਚੇ ਤੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਵਾਲੇ 2016 ਵਾਲੇ ਨੋਟੀਫ਼ਿਕੇਸ਼ਨ ਦੀਆਂ ਤਰੁੱਟੀਆਂ ਦੂਰ ਕਰ ਕੇ ਪੰਜਾਬ ਦੇ ਸਾਰੇ ਕੱਚੇ ਅਤੇ ਠੇਕਾ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਸੀ ਪ੍ਰੰਤੂ ਸਹੁੰ ਚੁੱਕਣ ਤੋਂ ਬਾਅਦ ਪੰਜਾਬ ਸਰਕਾਰ ਆਪਣੇ ਵਾਅਦੇ ਤੋਂ ਮੁੱਕਰ ਗਈ ਅਤੇ ਉਲਟਾ ਉਸ ਨੇ 2016 ਦੇ ਨੋਟੀਫ਼ਿਕੇਸ਼ਨ ਨੂੰ ਹੀ ਖ਼ਤਮ ਕਰ ਦਿੱਤਾ। ਰੈਲੀ ਵਿੱਚ ਰਣਜੀਤ ਦੁਲਾਰੀ, ਗੁਰਦੀਪ ਸਿੰਘ ਕਲੇਰ, ਜਸਵਿੰਦਰ ਕੌਰ ਮਹਿਤਾ, ਪਲਵਿੰਦਰ ਕੌਰ ਵਡਾਲਾ, ਸੁੱਖਾ ਸਿੰਘ ਲੋਹਗੜ੍ਹ, ਗੁਰਜੀਤ ਕੌਰ ਮਹਿਤਾ, ਕੁਲਵੰਤ ਕੌਰ ਤਰਸਿਕਾ, ਸੁਰਜੀਤ ਸਿੰਘ ਲਾਲੀ ਅਤੇ ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ ਦੇ ਵਿਪਨ ਰਿਖੀ ਤੇ ਮਨਪ੍ਰੀਤ ਸਿੰਘ ਰਈਆ ਨੇ ਪੰਜਾਬ ਸਰਕਾਰ ਤੋਂ ਮਿਡ-ਡੇਅ ਮੀਲ ਅਤੇ ਆਸ਼ਾ ਵਰਕਰਾਂ ਨੂੰ 9958 ਰੁਪਏ, ਪਾਰਟ ਟਾਈਮ ਸਫ਼ਾਈ ਵਰਕਰਾਂ ਨੂੰ 9178 ਰੁਪਏ ਅਤੇ ਆਸ਼ਾ ਫੈਸੀਲਿਟੇਟਰ ਨੂੰ 21000 ਰੁਪਏ ਉਜ਼ਰਤਾਂ ਦੇਣ, ਜੰਗਲਾਤ ਵਰਕਰਾਂ, ਮਿਡ-ਡੇਅ ਮੀਲ ਦਫ਼ਤਰੀ ਮੁਲਾਜ਼ਮਾਂ ਅਤੇ ਸਮੂਹ ਕੱਚੇ ਅਧਿਆਪਕਾਂ ਸਮੇਤ ਤਿੰਨ ਸਾਲ ਦੀ ਸੇਵਾ ਪੂਰੀ ਕਰ ਚੁੱਕੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਕੀਤੀ।
ਰੈਲੀ ਵਿੱਚ ਨਰਿੰਦਰ ਕੌਰ ਰਈਆ, ਗੀਤਾ ਰਸੂਲਪੁਰ, ਮਨਜੀਤ ਕੌਰ ਢਪੱਈਆਂ, ਪ੍ਰਤਾਪ ਸਿੰਘ ਗੱਗੜਭਾਣਾ, ਮਨਦੀਪ ਕੌਰ ਜੋਧੇ, ਬਾਬਾ ਗੁਲਜ਼ਾਰ ਸਿੰਘ, ਸੁਖਜਿੰਦਰ ਸਿੰਘ ਰਈਆ, ਰਾਕੇਸ਼ ਕੁਮਾਰ ਰਈਆ ਅਤੇ ਬਲਦੇਵ ਕ੍ਰਿਸ਼ਨ ਨੇ ਵੀ ਸੰਬੋਧਨ ਕੀਤਾ।