ਗੁਰਵਿੰਦਰ ਸਿੰਘ
ਰਾਮਪੁਰਾ ਫੂਲ, 15 ਜੂਨ
ਇਲਾਕੇ ਦੀ ਮੌੜ ਰੋਡ ’ਤੇ ਫਤਹਿ ਕਾਲਜ ਦੇ ਨਜ਼ਦੀਕ ਅਚਾਨਕ ਟਰਾਲਾ ਬੇਕਾਬੁੂ ਹੋ ਗਿਆ ਤੇ ਮੋਟਰਸਾਈਕਲ ਸਵਾਰ ਨੌਜਵਾਨ ਟਰਾਲੇ ਨਾਲ ਟਕਰਾ ਗਿਆ ਤੇ ਉਸ ਦੀ ਮੌਕੇ ’ਤੇ ਮੌਤ ਹੋ ਗਈ। ਸਹਾਰਾ ਸਮਾਜ ਸੇਵਾ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਖੁਸ਼ਦਿਲ ਹੈਪੀ (22) ਪੁੱਤਰ ਬਲਜਿੰਦਰ ਕੁਮਾਰ ਵਾਸੀ ਪਿੰਡ ਡਿੱਖ ਵਜੋਂ ਹੋਈ ਹੈ। ਉਹ ਰਾਮਪੁਰਾ ਫੂਲ ਵਿੱਚ ਫਾਇਨਾਂਸ ਬੈਂਕ ਵਿੱਚ ਨੌਕਰੀ ਕਰਦਾ ਸੀ ਤੇ ਮੋਟਰਸਾਈਕਲ ’ਤੇ ਰਾਮਪੁਰਾ ਤੋਂ ਆਪਣੇ ਪਿੰਡ ਜਾ ਰਿਹਾ ਸੀ। ਇਸੇ ਦੌਰਾਨ ਅੱਗੇ ਜਾ ਰਿਹਾ ਟਰਾਲਾ ਬੇਕਾਬੂ ਹੋ ਗਿਆ ਤੇ ਡਰਾਈਵਰ ਨੇ ਇੱਕਦਮ ਬਰੇਕ ਲਗਾ ਦਿੱਤੀ ਤੇ ਮੋਟਰਸਾਈਕਲ ਸਵਾਰ ਟਰਾਲੇ ਦੇ ਨਾਲ ਟਕਰਾ ਗਿਆ ਤੇ ਉਸ ਦੀ ਮੌਕੇ ’ਤੇ ਮੌਤ ਹੋ ਗਈ। ਥਾਣਾ ਸਿਟੀ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਖੁਸ਼ਦਿਲ ਦੇ ਚਾਚਾ ਰੂਪ ਚੰਦ ਦੇ ਬਿਆਨ ’ਤੇ ਕਾਰਵਾਈ ਕਰਦਿਆਂ ਟਰਾਲੇ ਦੇ ਡਰਾਈਵਰ ਅਮੀਨ ਖਾਨ ਵਿਰੁੱਧ ਮਾਮਲਾ ਦਰਜ ਕਰ ਕੇ ਟਰਾਲੇ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਤੇ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਗਈ ਹੈ।
ਅਬੋਹਰ (ਪੱਤਰ ਪ੍ਰੇਰਕ): ਪਿੰਡ ਖਾਟਵਾਂ ਅਤੇ ਸ਼ੇਰੇਵਾਲਾ ਵਿਚਕਾਰ ਲੰਘਦੀ ਨਹਿਰ ਵਿੱਚੋਂ ਅੱਜ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ ਹੈ। ਥਾਣਾ ਬਹਾਵਵਾਲਾ ਪੁਲੀਸ ਨੇ ਲਾਸ਼ ਨੂੰ ਪਛਾਣ ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਹੈ। ਨਹਿਰ ਵਿੱਚ ਲਾਸ਼ ਤੈਰਨ ਦੀ ਸੂਚਨਾ ਥਾਣਾ ਬਹਾਵਵਾਲਾ ਪੁਲੀਸ ਨੂੰ ਮਿਲੀ। ਮੌਕੇ ’ਤੇ ਪੁੱਜੇ ਏਐੱਸਆਈ ਰਮੇਸ਼ ਕੁਮਾਰ ਨੇ ਸਮਾਜਸੇਵਾ ਸੰਸਥਾ ਦੇ ਮੈਂਬਰਾਂ ਦੀ ਮਦਦ ਨਾਲ ਲਾਸ਼ ਨੂੰ ਨਹਿਰ ਵਿੱਚੋਂ ਕੱਢਵਾ ਕੇ ਜਾਂਚ ਕੀਤੀ। ਪੁਲੀਸ ਮੁਤਾਬਕ ਲਾਸ਼ 10 ਦਿਨ ਪੁਰਾਣੀ ਹੈ। ਮ੍ਰਿਤਕ ਦੇ ਦੋਨੇ ਹੱਥਾਂ ’ਤੇ ਐੱਸ ਲਿਖਿਆ ਹੋਇਆ ਹੈ।
ਭਦੌੜ ਵਾਸੀ ਠੇਕੇਦਾਰ ਵੱਲੋਂ ਖੁਦਕੁਸ਼ੀ
ਭਦੌੜ (ਰਾਜਿੰਦਰ ਵਰਮਾ): ਇਥੋਂ ਦੇ ਵਸਨੀਕ ਠੇਕੇਦਾਰ ਨੇ ਲੰਘੀ ਰਾਤ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਠੇਕੇਦਾਰ ਅਜੈਬ ਸਿੰਘ ਪੁੱਤਰ ਚਮਕੌਰ ਸਿੰਘ ਵਾਸੀ ਭਦੌੜ ਨੇ ਜ਼ਹਿਰੀਲੀ ਵਸਤ ਨਿਗਲ ਲਈ। ਜਦੋਂ ਉਸ ਦੀ ਪਤਨੀ ਨੂੰ ਘਟਨਾ ਬਾਰੇ ਪਤਾ ਲੱਗਾ ਤਾਂ ਅਜੈਬ ਸਿੰਘ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਸਰੀਰ ਵਿੱਚ ਜ਼ਹਿਰ ਫੈਲਣ ਕਰਕੇ ਉਸ ਦੀ ਮੌਤ ਹੋ ਗਈ। ਖੁਦਕੁਸ਼ੀ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ। ਅਜੈਬ ਸਿੰਘ ਮੰਡੀਆਂ ਵਿੱਚ ਠੇਕੇਦਾਰੀ ਦਾ ਕੰਮ ਕਰਦਾ ਸੀ। ਉਸ ਦਾ ਬੇਟਾ ਕੈਨੇਡਾ ਤੇ ਦੋ ਧੀਆਂ ਆਸਟ੍ਰੇਲੀਆ ਵਿੱਚ ਹਨ। ਘਰ ਵਿੱਚ ਦੋਵੇਂ ਪਤੀ-ਪਤਨੀ ਰਹਿੰਦੇ ਸਨ।